- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਨ ਲੀਡ-ਸ਼ਾਤਰ ਚੋਰਾਂ ਦਾ ਬੇਖੌਫ ਕਾਰਨਾਮਾ,ਪੀਆਰਟੀਸੀ ਦੀ ਬੱਸ ਚੋਰੀ ਕਰਕੇ 22 ਕਿਲੋਮੀਟਰ ਦੂਰ ਲੈ ਗਏ ਚੋਰ

-ਸੱਤ ਟਾਇਰ ਤੇ ਦੋ ਬੈਟਰੀਆਂ ਲਾਹ ਕੇ ਇੱਟਾਂ ’ਤੇ ਖੜ੍ਹੀ ਕੀਤੀ ਬੱਸ, ਅੱਧੀ ਰਾਤ ਨੂੰ ਬਲੈਰੋ ’ਚ ਆਏ ਸਨ ਚੋਰ
--ਵ੍ਹਟਸਐਪ ਦੀ ਮਦਦ ਨਾਲ ਕੁੱਝ ਘੰਟਿਆਂ ’ਚ ਮਿਲੀ ਚੋਰੀ ਹੋਈ ਬੱਸ
--ਪੁਲਿਸ ਨੇ ਬੋਲੈਰੋ ਦਾ ਨੰਬਰ ਟਰੇਸ ਕਰਕੇ ਮੁਲਜ਼ਮਾਂ ਦੀ ਕੀਤੀ ਪਛਾਣ
ਫ਼ੋਟੋ ਨੰਬਰ-53,54
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ’ਚ ਕਾਰਾਂ ਤੇ ਦੋਪਹੀਆ ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਸ਼ਾਤਰ ਚੋਰ ਅੰਜਾਮ ਤਾਂ ਦੇ ਹੀ ਰਹੇ ਸਨ ਪਰ ਇਸ ਵਾਰ ਬੱਸ ਅੱਡੇ ਦੇ ਬਾਹਰੋਂ ਇਕ ਬੱਸ ਹੀ ਚੋਰੀ ਕਰ ਲਈ। ਲੁਧਿਆਣਾ ਦੇ ਅਮਰ ਸ਼ਹੀਦ ਸੁਖਦੇਵ ਥਾਪਰ ਅੰਤਰਰਾਜੀ ਬੱਸ ਅੱਡੇ ਦੇ ਬਾਹਰੋਂ ਪੀਆਰਟੀਸੀ ਦੀ ਬੱਸ ਚੋਰੀ ਕਰ ਕੇ 22 ਕਿਲੋਮੀਟਰ ਦੂਰ ਜਗਰਾਓਂ ਨੇੜੇ ਇਕ ਪਿੰਡ ਕੋਲ ਲੈ ਗਏ। ਚੋਰਾਂ ਨੇ ਬੱਸ ਦੇ ਸੱਤ ਟਾਇਰ ਤੇ ਦੋ ਬੈਟਰੀਆਂ ਲਾਹ ਲਈਆਂ ਤੇ ਬੱਸ ਨੂੰ ਇੱਟਾਂ ’ਤੇ ਟਿਕਾ ਕੇ ਫ਼ਰਾਰ ਹੋ ਗਏ।
ਹੈਰਾਨੀ ਦੀ ਗੱਲ ਇਹ ਰਹੀ ਕਿ ਬੱਸ ਚੋਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਬੱਸ ਡਰਾਈਵਰ ਵੱਲੋਂ ਵੱਖ-ਵੱਖ ਵ੍ਹਟਸਐਪ ਗਰੁੱਪਾਂ ਰਾਹੀਂ ਕੀਤੀ ਭਾਲ ਸਦਕਾ ਚੋਰੀ ਹੋਈ ਬੱਸ ਦਾ ਪਤਾ ਲੱਗ ਗਿਆ, ਪਰ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਵਿੱਚ ਨੌਂ ਦਿਨ ਲੱਗ ਗਏ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਦੇਰ ਨਾਲ ਸੂਚਿਤ ਕੀਤਾ ਸੀ। ਪੁਲਿਸ ਨੇ ਹੁਣ ਇਸ ਮਾਮਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀਆਰਟੀਸੀ ਬੱਸ ਨੂੰ ਠੇਕੇ ’ਤੇ ਚਲਾਉਣ ਵਾਲੇ ਡਰਾਈਵਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 28 ਅਗਸਤ ਦੀ ਰਾਤ ਬੱਸ ਬੱਸ ਅੱਡੇ ਦੇ ਬਾਹਰ ਖੜ੍ਹੀ ਕੀਤੀ ਸੀ। ਅਗਲੇ ਦਿਨ 29 ਅਗਸਤ ਨੂੰ ਸ਼ਾਮ ਕਰੀਬ 7.30 ਵਜੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਬੱਸ ਗਾਇਬ ਸੀ। ਬੱਸ ਨਾ ਮਿਲਣ ’ਤੇ ਉਸ ਨੇ ਤੁਰੰਤ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਫੁਟੇਜ ਵਿੱਚ ਸਾਹਮਣੇ ਆਇਆ ਕਿ ਕਰੀਬ ਅੱਠ ਵਿਅਕਤੀ ਮਹਿੰਦਰਾ ਬੋਲੈਰੋ ਪਿਕਅੱਪ ਵਿੱਚ ਸਵਾਰ ਹੋ ਕੇ ਰਾਤ ਕਰੀਬ 12.30 ਵਜੇ ਮੌਕੇ ’ਤੇ ਪਹੁੰਚੇ ਸਨ। ਦੱਸਿਆ ਗਿਆ ਕਿ ਮੁਲਜ਼ਮ ਕਰੀਬ ਦੋ ਘੰਟੇ ਉੱਥੇ ਰਹੇ ਅਤੇ ਬੱਸ ਦੀਆਂ ਤਾਰਾਂ ਤੇ ਸਿਸਟਮ ਨਾਲ ਛੇੜਛਾੜ ਕਰਨ ਤੋਂ ਬਾਅਦ ਕਰੀਬ 2.30 ਵਜੇ ਬੱਸ ਨੂੰ ਚਲਾ ਕੇ ਲੈ ਗਏ।
ਬੱਸ ਚੋਰੀ ਹੋਣ ਦਾ ਪਤਾ ਲੱਗਦੇ ਹੀ ਗੁਰਵਿੰਦਰ ਸਿੰਘ ਨੇ ਪੀਆਰਟੀਸੀ ਡਰਾਈਵਰਾਂ ਤੋਂ ਇਲਾਵਾ ਛੋਟੀਆਂ ਤੇ ਵੱਡੀਆਂ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੇ ਵ੍ਹਟਸਐਪ ਗਰੁੱਪਾਂ ਵਿੱਚ ਬੱਸ ਦੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਗਰੁੱਪਾਂ ਵਿੱਚ ਡਰਾਈਵਰ ਆਮ ਤੌਰ ’ਤੇ ਰੂਟਾਂ ਤੇ ਵਾਹਨਾਂ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਨ। ਗੁਰਵਿੰਦਰ ਸਿੰਘ ਦੀ ਇਹ ਕੋਸ਼ਿਸ਼ ਕੁਝ ਹੀ ਘੰਟਿਆਂ ਵਿੱਚ ਰੰਗ ਲਿਆਈ। ਉਸ ਨੇ ਦੱਸਿਆ ਕਿ ਦੁਪਹਿਰ ਤੱਕ ਪੇਂਡੂ ਰੂਟ ’ਤੇ ਮਿੰਨੀ ਬੱਸ ਚਲਾਉਣ ਵਾਲੇ ਇਕ ਡਰਾਈਵਰ ਨੇ ਉਸ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਕਿ ਢੱਤ ਪਿੰਡ ਨੇੜੇ ਇਕ ਪੀਆਰਟੀਸੀ ਦੀ ਬੱਸ ਸ਼ੱਕੀ ਹਾਲਤ ’ਚ ਖੜ੍ਹੀ ਹੈ। ਸੂਚਨਾ ਮਿਲਦੇ ਹੀ ਗੁਰਵਿੰਦਰ ਸਿੰਘ ਤੇ ਹੋਰ ਲੋਕ ਮੌਕੇ ’ਤੇ ਪੁੱਜੇ ਤੇ ਬੱਸ ਦੀ ਪਛਾਣ ਚੋਰੀ ਹੋਈ ਬੱਸ ਵਜੋਂ ਕੀਤੀ। ਮੌਕੇ ’ਤੇ ਬੱਸ ਦੀ ਹਾਲਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਚੋਰ ਸੱਤ ਟਾਇਰ, ਸਪੇਅਰ ਟਾਇਰ ਸਮੇਤ ਤੇ ਦੋ ਬੈਟਰੀਆਂ ਉਤਾਰ ਕੇ ਲੈ ਗਏ ਸਨ। ਬੱਸ ਨੂੰ ਇੱਟਾਂ ’ਤੇ ਟਿਕਾਇਆ ਹੋਇਆ ਸੀ। ਬੱਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਬੱਸ ਨੂੰ ਮੁੜ ਚਲਾਉਣ ਲਈ ਗੁਰਵਿੰਦਰ ਸਿੰਘ ਨੇ ਉਸ ਨੂੰ ਮੌਕੇ ਤੋਂ ਚੁਕਵਾ ਕੇ ਲਿਆਂਦਾ ਤੇ ਨਵੇਂ ਟਾਇਰ ਤੇ ਬੈਟਰੀਆਂ ਲਗਵਾਈਆਂ। ਗੁਰਵਿੰਦਰ ਮੁਤਾਬਕ ਚੋਰੀ ਦੀ ਵਾਰਦਾਤ ਕਾਰਨ ਉਸ ਨੂੰ ਕਰੀਬ ਅੱਠ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਵਾਇਰਿੰਗ ਦੀ ਤਕਨੀਕ ਦੇ ਜਾਣਕਾਰ ਸਨ ਮੁਲਜ਼ਮ
ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਚੋਰਾਂ ਨੇ ਜਿਸ ਤਰੀਕੇ ਨਾਲ ਬੱਸ ਦੀਆਂ ਤਾਰਾਂ ਅਤੇ ਸਿਸਟਮ ਨਾਲ ਛੇੜਛਾੜ ਕਰਕੇ ਉਸ ਨੂੰ ਸਟਾਰਟ ਕੀਤਾ, ਉਸ ਤੋਂ ਲੱਗਦਾ ਹੈ ਕਿ ਮੁਲਜ਼ਮਾਂ ਨੂੰ ਬੱਸ ਦੀ ਵਾਇਰਿੰਗ ਦੀ ਤਕਨੀਕੀ ਜਾਣਕਾਰੀ ਸੀ। ਉਸ ਨੇ ਖਦਸ਼ਾ ਜਤਾਇਆ ਕਿ ਮੁਲਜ਼ਮਾਂ ਵਿੱਚ ਅਜਿਹੇ ਵਿਅਕਤੀ ਵੀ ਹੋ ਸਕਦੇ ਹਨ ਜੋ ਬੱਸਾਂ ਚਲਾਉਣ ਜਾਂ ਉਨ੍ਹਾਂ ਦੀ ਮੁਰੰਮਤ ਕਰਨ ਬਾਰੇ ਜਾਣਕਾਰੀ ਰੱਖਦੇ ਹੋਣ।
-ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਰਹੀ ਢਿੱਲੀ
ਡਰਾਈਵਰ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਬੱਸ ਚੋਰੀ ਹੋਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਸੀ, ਪਰ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਖੁਦ ਹੀ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਬੱਸ ਦੀ ਭਾਲ ਕਰਨੀ ਪਈ। ਹਾਲਾਂਕਿ ਬੱਸ ਉਸੇ ਦਿਨ ਬਰਾਮਦ ਹੋ ਗਈ ਸੀ, ਪੁਲਿਸ ਨੇ ਮਾਮਲਾ ਦਰਜ ਕਰਨ ਵਿੱਚ ਨੌਂ ਦਿਨ ਲਗਾ ਦਿੱਤੇ।
-ਪੁਲਿਸ ਨੂੰ ਨਹੀਂ ਦਿੱਤੀ ਜਾਣਕਾਰੀ, ਹੁਣ ਮਿਲੀ ਸ਼ਿਕਾਇਤ ’ਤੇ ਕੀਤੀ ਜਾ ਰਹੀ ਹੈ ਕਾਰਵਾਈ
ਦੂਜੇ ਪਾਸੇ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਕਰਨੈਲ ਸਿੰਘ ਨੇ ਪੁਲਿਸ ਵੱਲੋਂ ਦੇਰੀ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸ਼ੁਰੂ ਵਿੱਚ ਪੁਲਿਸ ਨੂੰ ਬੱਸ ਚੋਰੀ ਹੋਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਸ਼ਿਕਾਇਤਕਰਤਾ ਨੇ ਖੁਦ ਬੱਸ ਦੀ ਭਾਲ ਕਰਕੇ ਉਸ ਨੂੰ ਲੱਭਿਆ ਅਤੇ ਟਾਇਰ ਤੇ ਬੈਟਰੀਆਂ ਲਗਵਾ ਕੇ ਮੁੜ ਚਲਾਉਣ ਦੇ ਯੋਗ ਬਣਾਇਆ। ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਹੁਣ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ, ਜਿਸ ਵਿੱਚ ਬੱਸ ਚੋਰੀ ਕਰਨ ਲਈ ਵਰਤੀ ਗਈ ਮਹਿੰਦਰਾ ਬੋਲੈਰੋ ਪਿਕਅੱਪ ਦਿਖਾਈ ਦੇ ਰਹੀ ਹੈ। ਪੁਲਿਸ ਨੇ ਬੋਲੈਰੋ ਦਾ ਰਜਿਸਟ੍ਰੇਸ਼ਨ ਨੰਬਰ ਵੀ ਟਰੇਸ ਕਰ ਲਿਆ ਹੈ ਤੇ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਉਮੀਦ ਹੈ। ਬੱਸ ਦੀਆਂ ਤਾਰਾਂ ਨਾਲ ਛੇੜਛਾੜ ਕਰਕੇ ਉਸ ਨੂੰ ਚਲਾ ਕੇ ਲਿਜਾਣ ਅਤੇ ਫਿਰ ਸਿਰਫ਼ ਕੁਝ ਘੰਟਿਆਂ ਵਿੱਚ ਸੱਤ ਟਾਇਰ ਤੇ ਦੋ ਬੈਟਰੀਆਂ ਉਤਾਰ ਦੇਣ ਦੀ ਘਟਨਾ ਨੇ ਇਹ ਸਵਾਲ ਵੀ ਖੜ੍ਹਾ ਕੀਤਾ ਹੈ ਕਿ ਕੀ ਇਸ ਪਿੱਛੇ ਬੱਸਾਂ ਦੀ ਤਕਨੀਕੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਦਾ ਹੱਥ ਹੈ। ਪੁਲਿਸ ਜਾਂਚ ਤੋਂ ਹੀ ਇਸ ਸਬੰਧੀ ਅਗਲੀ ਤਸਵੀਰ ਸਪੱਸ਼ਟ ਹੋਵੇਗੀ।