- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਨੇ ਵਪਾਰੀਆਂ ਦਾ ਲੱਕ ਤੋੜਿਆ-ਮਹਿਤਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਬਾਜ਼ਾਰਾਂ ਤੇ ਸਨਅਤੀ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਵਪਾਰੀ ਵਰਗ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਚੌੜਾ ਬਾਜ਼ਾਰ, ਗੁੜ ਮੰਡੀ, ਬਰਸਾਤੀ ਬਾਜ਼ਾਰ, ਤਲਾਬ ਬਾਜ਼ਾਰ, ਮਲੇਰੀ ਗਲੀ, ਪ੍ਰਤਾਪ ਬਾਜ਼ਾਰ, ਮਾਲੀਗੰਜ, ਦਾਲ ਬਾਜ਼ਾਰ ਅਤੇ ਸਾਬਣ ਬਾਜ਼ਾਰ ਸਮੇਤ ਆਸ-ਪਾਸ ਦੇ ਬਾਜ਼ਾਰਾਂ ’ਚ ਕਈ-ਕਈ ਘੰਟੇ ਬਿਜਲੀ ਗੁੱਲ ਰਹਿਣ ਕਾਰਨ ਵਪਾਰ ਠੱਪ ਹੋਣ 'ਤੇ ਸਰਕਾਰ ਦੀ ਨਿਖੇਧੀ ਕਰਦਿਆਂ ਕੀਤਾ। ਮਹਿਤਾ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਬੇਹਾਲ ਗਰਮੀ ਨੇ ਪਹਿਲਾਂ ਹੀ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਤੋਂ ਬਿਜਲੀ ਦੇ ਲੰਮੇ ਕੱਟਾਂ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ ਹਨ। ਬਾਜ਼ਾਰਾਂ ’ਚ ਜਨਰੇਟਰਾਂ ਦੇ ਸ਼ੋਰ ਅਤੇ ਧੂੰਏਂ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਬਿਜਲੀ ਕੱਟਾਂ ਕਾਰਨ ਸਨਅਤੀ ਕਾਰਖਾਨੇ ਬੰਦ ਹੋ ਰਹੇ ਹਨ, ਜਿਸ ਨਾਲ ਦਿਹਾੜੀਦਾਰ ਮਜ਼ਦੂਰ ਵਰਗ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ। ਸਿਰਫ ਵਪਾਰਕ ਹੀ ਨਹੀਂ, ਸਗੋਂ ਰਿਹਾਇਸ਼ੀ ਇਲਾਕਿਆਂ ’ਚ ਵੀ ਬਿਜਲੀ ਸਪਲਾਈ ਠੱਪ ਰਹਿਣ ਨਾਲ ਖਾਸ ਕਰਕੇ ਔਰਤਾਂ ਨੂੰ ਘਰੇਲੂ ਕੰਮਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਚੋਣਾਂ ਦੇ ਮਹੀਨਿਆਂ ਵਿੱਚ ਲੱਗ ਰਹੇ ਇਹ ਬਿਜਲੀ ਕੱਟ ਸਰਕਾਰ ਅਤੇ ਲੋਕਾਂ ਵਿਚਕਾਰਲੀ ਡੋਰ ਵੀ ਕੱਟ ਸਕਦੇ ਹਨ, ਇਸ ਲਈ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਸੁਚਾਰੂ ਕੀਤਾ ਜਾਵੇ।