- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਜੀ ਹਸਪਤਾਲ ’ਚ ਡਾ. ਸੰਦੀਪ ਪੁਰੀ ਨੇ ਮੈਡੀਕਲ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਮੈਡੀਸਿਨ ਦੇ ਮਾਹਿਰ, ਡਾਕਟਰੀ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਸਫਲ ਪ੍ਰਸ਼ਾਸਨ ਪ੍ਰਬੰਧਕ ਡਾ. ਸੰਦੀਪ ਪੁਰੀ ਨੇ ਆਰਜੀ ਹਸਪਤਾਲ, ਲੁਧਿਆਣਾ ਵਿਖੇ ਮੈਡੀਕਲ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਪੁਰੀ ਨੂੰ ਡਾਕਟਰੀ, ਮੈਡੀਕਲ ਸਿੱਖਿਆ, ਖੋਜ ਅਤੇ ਹਸਪਤਾਲ ਪ੍ਰਬੰਧਨ ਦੇ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹਾਸਲ ਹੈ। ਡਾ. ਸੰਦੀਪ ਪੁਰੀ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਰਹਿ ਚੁੱਕੇ ਹਨ। ਉਨ੍ਹਾਂ ਨੇ ਇਸੇ ਸੰਸਥਾ ਤੋਂ ਐੱਮਡੀ ਮੈਡੀਸਨ ਦੀ ਡਿਗਰੀ ਹਾਸਲ ਕੀਤੀ ਤੇ ਸਾਲ 1992 ਵਿੱਚ ਇੱਥੇ ਅਧਿਆਪਕ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਾਲ 2001 ਤੋਂ 2014 ਤੱਕ ਮੈਡੀਕਲ ਸੁਪਰਡੈਂਟ, 2005 ਤੋਂ 2014 ਤੱਕ ਮੈਡੀਸਿਨ ਵਿਭਾਗ ਦੇ ਮੁਖੀ ਤੇ ਦਸੰਬਰ 2014 ਤੋਂ ਫਰਵਰੀ 2024 ਤੱਕ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ’ਚ ਵੀ ਡਾ. ਪੁਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਨਾਮ ਹੇਠ 64 ਖੋਜ ਪੱਤਰ ਪ੍ਰਕਾਸ਼ਿਤ ਹਨ ਅਤੇ ਉਨ੍ਹਾਂ ਨੇ 7 ਬਹੁ-ਰਾਸ਼ਟਰੀ ਕਲੀਨਿਕਲ ਟਰਾਇਲਾਂ ਦੀ ਅਗਵਾਈ ਕੀਤੀ ਹੈ। ਉਹ ਏਪੀਆਈ. ਮੈਡੀਸਨ ਅਪਡੇਟ 2014 ਦੇ ਸੰਪਾਦਕ ਵੀ ਰਹੇ ਹਨ। ਉਹ0 ਏਪੀਆਈ.ਕਾਨ 2014 ਅਤੇ ਆਈਏਸੀਐਮ ਕਾਨਫਰੰਸ 2015 ਦੇ ਪ੍ਰਬੰਧਕ ਚੇਅਰਮੈਨ ਵੀ ਰਹਿ ਚੁੱਕੇ ਹਨ। ਸਾਲ 2002 ਵਿੱਚ ਡਾ. ਪੁਰੀ ਨੇ ਏਮਜ਼, ਨਵੀਂ ਦਿੱਲੀ ਤੋਂ ਰਿਊਮੈਟੋਲੋਜੀ ਦੇ ਖੇਤਰ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਡਾਕਟਰੀ ਸਿੱਖਿਆ, ਖੋਜ ਤੇ ਡਾਕਟਰੀ ਸੇਵਾਵਾਂ ’ਚ ਪਾਏ ਯੋਗਦਾਨ ਲਈ ਡਾ. ਪੁਰੀ ਨੂੰ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਆਈਸੀਪੀ, ਆਈਏਸੀਐੱਮ ਤੇ ਆਈਐੱਮਐੱਮਐੱਸਏ. ਦੀ ਫੈਲੋਸ਼ਿਪ, ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਦੀ ਮੈਂਬਰਸ਼ਿਪ, ਏਪੀਆਈ ਕਾਨਫਰੰਸ 2017 ਵਿੱਚ ਰਬਿੰਦਰਨਾਥ ਟੈਗੋਰ ਓਰੇਸ਼ਨ ਤੇ ਡੀਐੱਮਸੀਐਚ ਦਾ ਉੱਤਮ ਅਧਿਆਪਕ ਪੁਰਸਕਾਰ ਸ਼ਾਮਲ ਹਨ। ਡਾ. ਪੁਰੀ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਸਰਗਰਮ ਰਹੇ ਹਨ। ਉਹ ਖੂਨਦਾਨ ਲਈ ਸਮਾਜ ਨੂੰ ਜਾਗਰੂਕ ਕਰਨ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਹਨ ਅਤੇ ਹੁਣ ਤੱਕ 90 ਤੋਂ ਵੱਧ ਵਾਰ ਸਵੈ-ਇੱਛਾ ਨਾਲ ਖੂਨਦਾਨ ਕਰ ਚੁੱਕੇ ਹਨ।