- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠ ਸਾਲ ਦੇ ਬੱਚੇ ਦੀ ਕੀਤੀ ਕੁੱਟਮਾਰ, ਬਦਫੈਲੀ ਕਰਨ ਦੀ ਵੀ ਕੀਤੀ ਕੋਸ਼ਿਸ਼

-24 ਘੰਟੇ ਬਾਅਦ ਵੀ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ, ਬੱਚੇ ਦੇ ਮਾਪੇ ਖਾ ਰਹੇ ਧੱਕੇ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਉੱਚ ਅਦਾਲਤ ਵੱਲੋਂ ਬੱਚਿਆਂ ਦੇ ਮਾਮਲੇ ਦੇ ਵਿੱਚ ਭਾਵੇਂ ਪੁਲਿਸ ਪ੍ਰਸ਼ਾਸਨ ਨੂੰ ਮੌਕੇ ’ਤੇ ਹੀ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਹੋਏ ਹਨ ਪਰ ਇਸ ਦੇ ਬਾਵਜੂਦ ਪੁਲਿਸ ਥਾਣਾ ਮੇਹਰਬਾਨ ਦੇ ਇਲਾਕੇ ਦੇ ਅੰਦਰ ਇੱਕ ਗਰੀਬ ਪਰਿਵਾਰ ਦੇ ਅੱਠ ਸਾਲ ਦੇ ਮਾਸੂਮ ਬੱਚੇ ਦੇ ਨਾਲ ਇੱਕ ਨਸ਼ੇੜੀ ਵਿਅਕਤੀ ਵੱਲੋਂ ਬਦਫੈਲੀ ਕਰਨ ਦੀ ਕੋਸ਼ਿਸ਼ ਤੋਂ ਬਾਅਦ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਉਸ ਮਾਸੂਮ ਬੱਚੇ ਦੇ ਮਾਂ ਬਾਪ ਤੇ ਕੁਝ ਆਸ-ਪਾਸ ਦੇ ਲੋਕ ਪਿਛਲੇ 24 ਘੰਟਿਆਂ ਤੋਂ ਪੁਲਿਸ ਥਾਣੇ ਅਤੇ ਸਰਕਾਰੀ ਹਸਪਤਾਲ ਅੰਦਰ ਗੇੜੇ ਮਾਰ ਰਹੇ ਹਨ ਪਰ ਕਿਸੇ ਪਾਸੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਦੋਸ਼ ਮੇਹਰਬਾਨ ਦੀ ਸ਼ਮਸ਼ਾਨ ਘਾਟ ਵਿੱਚ ਬਣੇ ਇੱਕ ਕਮਰੇ ਅੰਦਰ ਰਹਿਣ ਵਾਲੇ ਮਸੂਮ ਬੱਚੇ ਦੀ ਮਾਤਾ ਸੀਮਾ ਤੇ ਉਸਦੀ ਭੂਆ ਪਰਮਜੀਤ ਕੌਰ ਨੇ ਪੱਤਰਕਾਰਾਂ ਸਾਹਮਣੇ ਲਗਾਏ। ਪੀੜਿਤ ਬੱਚੇ ਦੀ ਮਾਤਾ ਸੀਮਾ ਨੇ ਦੱਸਿਆ ਕਿ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ ਦੇ ਨਾਲ ਮੇਹਰਬਾਨ ਦੀ ਸ਼ਮਸ਼ਾਨਘਾਟ ਦੇ ਕਮਰੇ ਦੇ ਪਰਿਵਾਰ ਸਮੇਤ ਰਹਿੰਦੇ ਹਨ ਤੇ ਦੋਵੇਂ ਪਤੀ-ਪਤਨੀ ਇੱਕ ਫੈਕਟਰੀ ਦੇ ’ਚ ਕੰਮ ਕਰਦੇ ਹਨ। ਬੀਤੇ ਦਿਨ ਜਦੋਂ ਉਹ ਘਰ ਪਹੁੰਚੇ ਤਾਂ ਉਹਨਾਂ ਦਾ ਅੱਠ ਸਾਲ ਦਾ ਪੁੱਤਰ ਗੰਭੀਰ ਜ਼ਖ਼ਮੀ ਸੀ ਜਦੋਂ ਉਨ੍ਹਾਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਗੁਆਂਢ ਵਿੱਚ ਰਹਿੰਦਾ ਨਾਜਰ ਸਿੰਘ ਜੋ ਅਕਸਰ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਉਸਦੇ ਪੁੱਤਰ ਨੂੰ ਪਤੰਗ ਦਾ ਲਾਲਚ ਦੇ ਕੇ ਕੁਝ ਦੂਰੀ ’ਤੇ ਇੱਕ ਖਾਲੀ ਪਏ ਪਲਾਟ ਜਿਸਨੂੰ ਚਾਰ ਦੁਵਾਰੀ ਹੋਈ ਹੈ ਉਸ ’ਚ ਲੈ ਗਿਆ ਉਸਨੇ ਪਹਿਲਾਂ ਤਾਂ ਉਸਦੇ ਬੇਟੇ ਦੇ ਨਾਲ ਜ਼ਬਰਦਸਤੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਉਸਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਪੁੱਤਰ ਨੂੰ ਬੇਹੋਸ਼ ਕਰਕੇ ਉਸੇ ਪਲਾਟ ਵਿੱਚ ਸੁੱਟ ਕੇ ਭੱਜ ਗਿਆ ਤੇ ਕੁਝ ਸਮੇਂ ਬਾਅਦ ਜਦੋਂ ਉਸ ’ਤੇ ਪੁੱਤਰ ਨੂੰ ਥੋੜ੍ਹੀ ਹੋਸ਼ ਆਈ ਤਾਂ ਉਹ ਘਰ ਆਇਆ ਉਨ੍ਹਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਥਾਣੇ ਸ਼ਿਕਾਇਤ ਕੀਤੀ ਤੇ ਸਰਕਾਰੀ ਹਸਪਤਾਲ ਵਿੱਚ ਆਪਣੇ ਬੱਚੇ ਦਾ ਮੈਡੀਕਲ ਕਰਵਾਉਣ ਚਲੇ ਗਏ ਪਰ ਮੈਡੀਕਲ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਉਨ੍ਹਾਂ ਆਪਣੇ ਮਾਸੂਮ ਬੱਚੇ ਨਾਲ ਹੋਈ ਘਟਨਾ ਬਾਰੇ ਥਾਣੇ ਵਿੱਚ ਮੌਜੂਦ ਪੁਲਿਸ ਅਧਿਕਾਰੀ ਨੂੰ ਦੱਸਿਆ ਤਾਂ ਉਹਨਾਂ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਕਿਉਂ ਨਹੀਂ ਰੱਖਦੇ। ਇਸ ਸਬੰਧੀ ਆਲੇ-ਦੁਆਲੇ ਦੇ ਲੋਕਾਂ ਨੇ ਮੰਗ ਕੀਤੀ ਕਿ ਦੋਸ਼ੀ ’ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਮਾਸੂਮ ਬੱਚੇ ਦਾ ਮਾਮਲਾ ਹੈ। ਇਸ ਸਬੰਧੀ ਜਦੋਂ ਪੁਲਿਸ ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਬੱਚੇ ਦੇ ਮਾਪੇ ਮੈਨੂੰ ਆ ਕੇ ਮਿਲਣ।