- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਆਂ ਵਿਧੀਆਂ ਅਪਣਾ ਕੇ ਰੱਖਿਆ ਜਾ ਸਕਦੈ ਖੇਤੀ ਕਾਸ਼ਤ ਨੂੰ ਬਰਕਰਾਰ-ਡਾ.ਬਾਂਸਲ

-ਜੀਨੋਮ ਸੰਪਾਦਨ ਦੀਆਂ ਸੰਭਾਵਨਾਵਾਂ ਬਾਰੇ ਕਰਵਾਇਆ ਭਾਸ਼ਣ
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕੈਡਮੀ (ਨਾਸ) ਦੇ ਲੁਧਿਆਣਾ ਚੈਪਟਰ ਵੱਲੋਂ ਪੀਏਯੂ. ਵਿਖੇ ਜੀਨੋਮ ਸੰਪਾਦਨ ਦੀਆਂ ਵਿਸ਼ਵੀ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਖੋਜ ਬਾਰੇ ਸਾਬਕਾ ਨਿਰਦੇਸ਼ਕ ਡਾ. ਕੇਸੀ ਬਾਂਸਲ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਨਾਸ ਦੀ ਲੁਧਿਆਣਾ ਸ਼ਾਖਾ ਦੇ ਕਨਵੀਨਰ ਅਤੇ ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਹ ਸਮਾਗਮ ਡਾ. ਗੁਰਦੇਵ ਸਿੰਘ ਖੁਸ਼ ਸੰਸਥਾਨ ਪਲਾਂਟ ਬਰੀਡਿੰਗ ਅਤੇ ਬਾਇਓਤਕਨਾਲੋਜੀ ਕੇਂਦਰ ਪੀਏਯੂ ਵਿਖੇ ਕਰਵਾਇਆ ਗਿਆ। ਡਾ. ਕੇਸੀ ਬਾਂਸਲ ਨੇ ਆਪਣੇ ਭਾਸ਼ਣ ਵਿੱਚ ਜੀਨੋਮ ਸੰਪਾਦਨ ਦੀ ਇੱਕ ਖੇਤਰ ਵਜੋਂ ਮਹੱਤਤਾ ਬਾਰੇ ਗੱਲ ਕਰਨ ਦੇ ਨਾਲ-ਨਾਲ ਫਸਲ ਸੁਧਾਰ ਦੇ ਖੇਤਰ ’ਚ ਇਸ ਵਿਧੀ ਦੇ ਮੌਕਿਆਂ, ਸੀਮਾਵਾਂ ਤੇ ਸੰਭਾਵਨਾਵਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨੀ ਬਦਲਾਅ ਸਮੇਤ ਤਾਪ ਤੇ ਸੋਕੇ ਤੋਂ ਇਲਾਵਾ ਨਵੀਂ ਤਰ੍ਹਾਂ ਦੇ ਕੀੜੇ-ਮਕੌੜੇ ਪੈਦਾ ਹੋਣ ਵਰਗੀਆਂ ਮੁਸ਼ਕਿਲਾਂ ਖੇਤੀ ਨੂੰ ਦਰਪੇਸ਼ ਹਨ। ਲਗਾਤਾਰ ਘਟਦੀ ਵਾਹੀਯੋਗ ਜ਼ਮੀਨ, ਕੁਦਰਤੀ ਸਰੋਤਾਂ ਦਾ ਘਾਣ ਆਦਿ ਭੋਜਨ ਸੁਰੱਖਿਆ ਨੂੰ ਲਗਾਤਾਰ ਖਤਰਾ ਪੇਸ਼ ਕਰਨ ਵਾਲੇ ਕਾਰਕ ਹਨ। ਇਸਦੇ ਮੱਦੇਨਜ਼ਰ ਜੀਨੋਮ ਸੰਪਾਦਨ ਵਰਗੀਆਂ ਨਵੀਆਂ ਵਿਧੀਆਂ ਅਪਣਾ ਕੇ ਖੇਤੀ ਕਾਸ਼ਤ ਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਸਕਦਾ ਹੈ। ਡਾ. ਬਾਂਸਲ ਨੇ ਦੱਸਿਆ ਕਿ ਭਾਰਤ ਨੇ ਜੀਨੋਮ ਸੰਪਾਦਨ ਰਾਹੀਂ ਹੁਣੇ ਜਿਹੇ ਚੌਲਾਂ ਦੀਆਂ ਕਿਸਮਾਂ ਪੈਦਾ ਕੀਤੀਆਂ ਤੇ ਇਹ ਵਿਧੀ ਖੇਤੀ ਸਥਿਰਤਾ ਤੇ ਵਿਕਾਸ ਲਈ ਹੋਰ ਸੁਧਾਰਾਂ ਸਮੇਤ ਖੋਜੀਆਂ ਕੋਲੋਂ ਲਗਾਤਾਰ ਧਿਆਨ ਦੀ ਮੰਗ ਕਰਦੀ ਹੈ। ਡਾ. ਅਜਮੇਰ ਸਿੰਘ ਢੱਟ ਨੇ ਡਾ. ਬਾਂਸਲ ਦੇ ਭਾਸ਼ਣ ਦੀ ਪ੍ਰਸ਼ੰਸਾ ਕੀਤੀ। ਪੀਏਯੂ ਨੇ ਜੀਨੋਮ ਸੰਪਾਦਨ ਨੂੰ ਸੋਇਆਬੀਨ, ਝੋਨਾ, ਬਾਸਮਤੀ, ਕਣਕ, ਛੋਲੇ, ਮੱਕੀ, ਗੰਨਾ ਆਦਿ ਫਸਲਾਂ ਉੱਪਰ ਵਿਗਿਆਨਕ ਵਿਧੀ ਦੇ ਤੌਰ ਤੇ ਲਾਗੂ ਕੀਤਾ ਹੈ। ਡਾ. ਢੱਟ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਤੇ ਉਦਯੋਗਿਕ ਇਕਾਈਆਂ ਵੱਲੋਂ ਬੜੇ ਸਾਰਥਕ ਸੁਝਾਅ ਸਾਹਮਣੇ ਆਏ। ਪੀਏਯੂ. ਨੇ ਜ਼ਰਮਪਲਾਜ਼ਮ, ਜੀਨ ਵਿਗਿਆਨ, ਮੌਲੀਕਿਊਲਰ ਬਰੀਡਿੰਗ ਤੇ ਸਪੀਡ ਬਰੀਡਿੰਗ ਵਰਗੇ ਢੰਗ ਅਪਣਾ ਕੇ ਨਵੀਆਂ ਵਿਗਿਆਨਕ ਵਿਧੀਆਂ ਰਾਹੀਂ ਖੇਤੀ ਵਿਗਿਆਨ ਨੂੰ ਅੱਗੇ ਵਧਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਸ ਮੌਕੇ ’ਵਰਸਿਟੀ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਲੋਕ ਹਾਜ਼ਰ ਸਨ। ਡਾ. ਪ੍ਰਵੀਨ ਛੁਨੇਜਾ ਨੇ ਨਾਸ ਦੇ ਖਜ਼ਾਨਚੀ ਵਜੋਂ ਅਤੇ ਡਾ. ਗੁਰਦੇਵ ਸਿੰਘ ਖੁਸ਼ ਸੰਸਥਾਨ ਦੇ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਨਾਸ ਦੇ ਸੰਚਾਲਕ ਡਾ. ਗੌਰਵ ਕੁਮਾਰ ਤੱਗੜ ਨੇ ਸਮਾਰੋਹ ਦਾ ਸੰਚਾਲਨ ਕੀਤਾ।