- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਜੀਤ ਸਿੰਘ ਸੋਹਲ ਦਾ ਕਾਵਿ ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਨਾਮਵਰ ਪੰਜਾਬੀ ਕਵੀ ਡਾ. ਪਰਮਜੀਤ ਸਿੰਘ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪਹਿਲਾ ਅਜਿਹਾ ਕਾਵਿ ਸੰਗ੍ਰਹਿ ਹੈ। ਡਾ. ਸੋਹਲ ਨੇ ਆਪਣਾ ਕਾਵਿ ਸਫ਼ਰ 1994 ਵਿੱਚ ਕਾਵਿ ਸੰਗ੍ਰਹਿ ਓਨਮ ਤੋਂ ਸ਼ੁਰੂ ਕਰਕੇ ਕਾਇਆ, ਪੌਣਾਂ ਸਤਿਲੁਜ ਕੋਲ ਦੀਆਂ, ਨੀਸਾਣੁ, ਝੋਕਾਂ, ਕਾਗਦੁ, ਵਿਸਮਾਦੁ, ਕਾਲ ਨਾਚ ਤੋਂ ਬਾਦ ਇਹ ਸੱਜਰੀ ਕਿਤਾਬ ਵਿਸ਼ਵ ਨੂੰ ਕਲਾਵੇ ਵਿੱਚ ਘੁੱਟੀ ਬੈਠੇ ਕਾਰਪੋਰੇਟ ਨਿਜ਼ਾਮ ’ਤੇ ਹੱਲਾ ਬੋਲਦੀ ਹੈ। ਉਨ੍ਹਾਂ ਕਿਹਾ ਕਿ ਸੋਹਲ ਦੀਆਂ ਸੱਜਰੀਆਂ ਦੋ ਕਿਤਾਬਾਂ ਵਿੱਚੋਂ ਕਾਲ ਨਾਚ ਜਿੱਥੇ ਵਿਸ਼ਵ ਅਮਨ ਦੀ ਸਲਾਮਤੀ ਲਈ ਜੰਗਬਾਜ਼ਾਂ ਦੇ ਖਿਲਾਫ ਸਿੰਘ ਨਾਦ ਹੈ ਉੱਥੇ ਪੂਰਬ ਦੇ ਬੱਦਲ ਵੀ ਸਾਨੂੰ ਸਮੂਹ ਪੰਜਾਬੀਆਂ ਨੂੰ ਜਗਾਉਣ ਵਾਲੀ ਰਚਨਾ ਹੈ। ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਸਕੱਤਰ ਜਨਰਲ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਪਰਮਜੀਤ ਸਿੰਘ ਸੋਹਲ ਦੀ ਸ਼ਾਇਰੀ ਜਿੱਥੇ ਪਰਮਾਰਥ ਨਾਲ ਜੋੜਦੀ ਸੀ ਉੱਥੇ ਇਹ ਕਿਤਾਬ ਪਦਾਰਥ ਤੇ ਕਾਬਜ਼ ਘਰਾਣਿਆਂ ਦੀਆਂ ਅਜਾਰੇਦਾਰ ਬਿਰਤੀਆਂ ਦੇ ਖਿਲਾਫ਼ ਬੁਲੰਦ ਆਵਾਜ਼ ਵੀ ਹੈ। ਇਸ ਮੌਕੇ ਡਾ. ਸੋਹਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਹਿਸੂਸ ਕਰਦੇ ਸਨ ਕਿ ਕਾਰਪੋਰੇਟ ਘਰਾਣਿਆਂ ਦੀ ਕੁੱਲ ਦੁਨੀਆਂ ਦੋ ਸੋਮਿਆਂ, ਕਾਰੋਬਾਰਾਂ ਤੇ ਹਰ ਖੇਤਰ ਵਿੱਚ ਕਬਜ਼ਾਕਾਰੀ ਕੋਸ਼ਿਸ਼ ਗ਼ਰੀਬ ਤੇ ਵਿਕਾਸ਼ੀਲ ਦੇਸ਼ਾਂ ਨੂੰ ਖਾ ਜਾਵੇਗੀ। ਇਸ ਲੁੱਟ ਤੰਤਰ ਦੇ ਵਿਰੋਧ ਵਿੱਚ ਸਿਧਾਂਤਕ ਕਿਤਾਬਾਂ ਤਾਂ ਬਹੁਤ ਸਨ ਪਰ ਸਿਰਜਣਾਤਮਕ ਹੁੰਗਾਰਾ ਗ਼ੈਰ-ਹਾਜ਼ਰ ਸੀ। ਇਹ ਕਿਤਾਬ ਉਸੇ ਭਾਵਨਾ ਦੀ ਪੂਰਤੀ ਹੈ।