- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਜਨਮ-ਅਸ਼ਟਮੀ ਨੂੰ ਸਮਰਪਿਤ ਸ਼੍ਰੀ ਕ੍ਰਿਸ਼ਨਕਥਾ ਜਾਰੀ

20,21
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸਨਾਤਨ ਧਰਮ ਮੰਦਰ ਕਮੇਟੀ ਵੱਲੋਂ ਜਨਮ-ਅਸ਼ਟਮੀ ਦੇ ਪਵਿੱਤਰ ਮੌਕੇ 'ਤੇ ਸਨਾਤਨ ਧਰਮ ਮੰਦਰ, ਵਿਸ਼ਾਲ ਨਗਰ, ਪੱਖੋਵਾਲ ਰੋਡ ਵਿਖੇ ਜਾਰੀ ਪੰਜ-ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦੇ ਦੂਜੇ ਦਿਨ ਸ਼ਰਧਾਲੂਆਂ ਨੂੰ ਕਥਾ ਦਾ ਰਸਪਾਨ ਕਰਵਾਉਂਦਿਆਂ ਸਾਧਵੀ ਜਯੰਤੀ ਭਾਰਤੀ ਨੇ ਭਗਤ ਰਸਖਾਨ ਦੇ ਜੀਵਨ ਬਾਰੇ ਦੱਸਿਆ ਕਿ ਭਗਤ ਰਸਖਾਨ ਮਹਾਨ ਕ੍ਰਿਸ਼ਨ ਭਗਤ ਹੋਏ ਹਨ, ਜਿਨ੍ਹਾਂ ਦਾ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਅਨੰਨ ਪ੍ਰੇਮ ਸੀ। ਉਨ੍ਹਾਂ ਆਪਣੇ ਪ੍ਰੇਮ ਦੇ ਬਲ 'ਤੇ ਪ੍ਰਭੂ ਨੂੰ ਆਪਣੇ ਅਧੀਨ ਕਰ ਲਿਆ। ਪ੍ਰਭੂ ਨੂੰ ਆਪਣੇ ਨਾਲ ਮਿਲਣ ਲਈ ਮਜਬੂਰ ਕਰ ਦਿੱਤਾ। ਜਦੋਂ ਰਸਖਾਨ ਆਪਣਾ ਤੋਹਫਾ ਲੈ ਕੇ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੇ ਹਨ, ਤਾਂ ਉਸ ਸਮੇਂ ਉਨ੍ਹਾਂ ਦੇ ਭਾਵਾਂ ਨੂੰ ਦੇਖ ਕੇ ਭਗਵਾਨ ਕ੍ਰਿਸ਼ਨ ਆਪ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਹਨ। ਅੱਗੇ ਸਾਧਵੀ ਨੇ ਦੱਸਿਆ ਕਿ ਜਦੋਂ ਸਾਡੇ ਮਨ ਵਿੱਚ ਈਸ਼ਵਰ ਲਈ ਪ੍ਰੇਮ-ਭਾਵ ਪੈਦਾ ਹੁੰਦਾ ਹੈ, ਤਾਂ ਭਗਵਾਨ ਵੀ ਭਗਤ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਵਚਨਬੱਧ ਹੋ ਜਾਂਦੇ ਹਨ ਪਰ ਪ੍ਰੇਮ ਤੋਂ ਬਿਨਾਂ ਇਹ ਬਿਲਕੁਲ ਵੀ ਸੰਭਵ ਨਹੀਂ ਹੈ। ਜਦੋਂ ਇੱਕ ਭਗਤ ਪ੍ਰੇਮ ਕਰਦਾ ਹੈ, ਤਾਂ ਪ੍ਰਭੂ ਉਸ ਲਈ ਸਾਰੀਆਂ ਸੀਮਾਵਾਂ ਤੋੜ ਦਿੰਦੇ ਹਨ। ਅਜੋਕੇ ਦੌਰ ’ਚ ਮਨੁੱਖ ਜੇਕਰ ਕਿਸੇ ਨਾਲ ਪ੍ਰੇਮ ਕਰਦਾ ਹੈ, ਤਾਂ ਉਹ ਹੈ ਬਾਹਰੀ ਸੁੰਦਰਤਾ, ਭੌਤਿਕ ਸੁੱਖ-ਸਹੂਲਤਾਂ, ਧਨ-ਦੌਲਤ ਅਤੇ ਪਲ-ਛਿਣ ਦਾ ਆਕਰਸ਼ਣ, ਜੋ ਕਿ ਇੱਕ ਸਵਾਰਥੀ ਪ੍ਰੇਮ ਹੈ। ਜੇਕਰ ਅਸੀਂ ਵੀ ਜੀਵਨ ਵਿੱਚ ਈਸ਼ਵਰ ਦੇ ਪ੍ਰੇਮ ਅਤੇ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਈਸ਼ਵਰ ਦਾ ਦਰਸ਼ਨ ਪ੍ਰਾਪਤ ਕਰਨਾ ਪਵੇਗਾ। ਈਸ਼ਵਰ ਦਾ ਸਾਖਿਆਤਕਾਰ ਇੱਕ ਬ੍ਰਹਮਨਿਸ਼ਠ ਸਦਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਈਸ਼ਵਰ ਨੂੰ ਦੇਖ ਲਵਾਂਗੇ, ਤਾਂ ਪ੍ਰਭੂ ਦੇ ਅਨੰਨ ਭਗਤ ਬਣ ਸਕਾਂਗੇ। ਇਸ ਮੌਕੇ ਸਾਧਵੀ ਰਿਚਾ ਭਾਰਤੀ, ਮਮਤਾਮਈ ਭਾਰਤੀ ਤੇ ਹਰਵਿੰਦਰ ਭਾਰਤੀ ਨੇ ਮਧੁਰ ਕ੍ਰਿਸ਼ਨ ਭਜਨਾਂ ਦਾ ਗਾਇਨ ਕੀਤਾ, ਜਿਸ ਤੇ ਉਪਸਥਿਤ ਸ਼ਰਧਾਲੂ ਝੂਮ ਉੱਠੇ। ਸਮਾਗਮ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਕੀਤੀ, ਜਿਸ ਵਿੱਚ ਮੰਦਰ ਕਮੇਟੀ ਦੇ ਮੈਂਬਰ ਰਾਹੁਲ ਕੌਸ਼ਲ, ਦੇਵੇਂਦਰ ਏਬਟ, ਬੀਕੇ. ਤਿਵਾੜੀ, ਅਰਜੁਨ ਬੱਤਰਾ, ਮੇਹਰਚੰਦ ਚੁੱਘ, ਹਰਮੇਸ਼ ਮੋਦਗਿਲ, ਵੀਰੇਂਦਰ ਸ਼ਰਮਾ, ਵਿਸ਼ਾਲ ਮਾਹੇਸ਼ਵਰੀ, ਵਰੁਣ ਜੈਨ, ਆਕਾਸ਼ ਬਾਂਸਲ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ।