- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹਾਦਰ ਕੇ ਰੋਡ ਸਬਜ਼ੀ ਮੰਡੀ ’ਚ ‘ਅੱਧੇ ਫੜ’ ਵਾਲਿਆਂ ਲਈ ਵੱਖਰਾ ਨਿਯਮ, ਪੂਰੇ ਫੜਾਂ ਤੇ ਕਬਜ਼ਿਆਂ ਵਾਲਿਆਂ ਲਈ ਵੱਖਰੀ ‘ਮਿਹਰਬਾਨੀ’

-ਨਾਜਾਇਜ਼ ਕਬਜ਼ਿਆਂ ਕਾਰਨ ਆੜ੍ਹਤੀਆਂ ’ਚ ਰੋਸ, ਸਰਕਾਰ ਨੂੰ ਹੋ ਰਹੇ ਨੁਕਸਾਨ ਦੀ ਹੋਵੇ ਜਾਂਚ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਬਹਾਦਰਕੇ ਰੋਡ ’ਤੇ ਬਣੀ ਸਬਜ਼ੀ ਮੰਡੀ ਇੱਕ ਵਾਰ ਫਿਰ ਕਥਿਤ ਨਾਜਾਇਜ਼ ਕਬਜ਼ਿਆਂ ਅਤੇ ਫੜ੍ਹਾਂ ਦੀ ਅਲਾਟਮੈਂਟ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੰਡੀ ਅੰਦਰ ਆੜ੍ਹਤੀ ਭਾਈਚਾਰੇ ਦੇ ਇੱਕ ਹਿੱਸੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ ਕੁੱਝ ਆੜ੍ਹਤੀਆਂ ਨੂੰ ਅੱਧੇ-ਅੱਧੇ ਫੜ ਅਲਾਟ ਕੀਤੇ ਹੋਏ ਦੱਸੇ ਜਾ ਰਹੇ ਹਨ, ਉੱਥੇ ਕੁਝ ਨੂੰ ਪੂਰੇ-ਪੂਰੇ ਫੜ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਇਸ ਤੋਂ ਵੀ ਵੱਡਾ ਸਵਾਲ ਮੰਡੀ ਦੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਖੜ੍ਹਾ ਹੋ ਰਿਹਾ ਹੈ। ਸੂਤਰਾਂ ਮੁਤਾਬਕ ਮੰਡੀ ਅੰਦਰ ਅਜਿਹੀਆਂ ਥਾਵਾਂ ਵੀ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਨਿਯਮਾਂ ਤੋਂ ਉਲਟ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜੇਕਰ ਇਹ ਦਾਅਵੇ ਸਹੀ ਹਨ ਤਾਂ ਸਵਾਲ ਸਿੱਧਾ ਪੰਜਾਬ ਮੰਡੀ ਬੋਰਡ ਤੇ ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ’ਤੇ ਖੜ੍ਹਾ ਹੁੰਦਾ ਹੈ ਕਿ ਸਰਕਾਰੀ ਜ਼ਮੀਨ ਦੀ ਵਰਤੋਂ ਦੇ ਬਦਲੇ ਆਉਣ ਵਾਲੀ ਆਮਦਨ ਆਖ਼ਰ ਸਰਕਾਰੀ ਖ਼ਜ਼ਾਨੇ ’ਚ ਜਾ ਰਹੀ ਹੈ ਜਾਂ ਨਹੀਂ। ਮੰਡੀ ’ਚ ਕਥਿਤ ਕਬਜ਼ਿਆਂ ਸਬੰਧੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸਰਕਾਰੀ ਜ਼ਮੀਨ ’ਤੇ ਨਿਯਮਾਂ ਤੋਂ ਬਾਹਰ ਜਗ੍ਹਾ ਵਰਤੀ ਜਾ ਰਹੀ ਹੈ, ਤਾਂ ਇਸ ਦੀ ਫੀਸ ਜਾਂ ਹੋਰ ਬਣਦੀ ਆਮਦਨ ਕਿੱਥੇ ਜਾ ਰਹੀ ਹੈ? ਕੀ ਇਸ ਦਾ ਕੋਈ ਸਰਕਾਰੀ ਰਿਕਾਰਡ ਹੈ? ਜੇ ਰਿਕਾਰਡ ਹੈ ਤਾਂ ਉਸ ਦੀ ਜਾਂਚ ਕਿਉਂ ਨਹੀਂ ਹੁੰਦੀ ਅਤੇ ਜੇ ਨਹੀਂ ਹੈ ਤਾਂ ਫਿਰ ਕਥਿਤ ਕਬਜ਼ਿਆਂ ਨੂੰ ਕੌਣ ਅਤੇ ਕਿਸ ਅਧਿਕਾਰ ਨਾਲ ਚੱਲਣ ਦੇ ਰਿਹਾ ਹੈ?
ਇਹ ਮਾਮਲਾ ਸਿਰਫ਼ ਮੰਡੀ ਦੇ ਅੰਦਰੂਨੀ ਵਿਵਾਦ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਸਰਕਾਰੀ ਆਮਦਨ ਨਾਲ ਵੀ ਜੁੜ ਜਾਂਦਾ ਹੈ। ਇਸ ਲਈ ਮੰਡੀ ਦੇ ਫੜਾਂ ਦੀ ਅਲਾਟਮੈਂਟ, ਮੌਕੇ ਦੀ ਸਥਿਤੀ ਅਤੇ ਰਿਕਾਰਡ ਦੀ ਜਾਂਚ ਕਰਵਾਉਣਾ ਜ਼ਰੂਰੀ ਬਣਦਾ ਜਾ ਰਿਹਾ ਹੈ। ਕੁੱਝ ਸਾਲ ਪਹਿਲਾਂ ਲੁਧਿਆਣਾ ਮਾਰਕੀਟ ਕਮੇਟੀ ਦੇ ਡੀਐੱਮਓ ਬੀਰਇੰਦਰ ਸਿੰਘ ਵੱਲੋਂ ਕਥਿਤ ਕਬਜ਼ਿਆਂ ਨੂੰ ਲੈ ਕੇ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਉਸ ਤੋਂ ਬਾਅਦ ਵੀ ਕਬਜ਼ਿਆਂ ਨੂੰ ਨੱਥ ਪਾਉਣ ਲਈ ਕਈ ਕੋਸ਼ਿਸ਼ਾਂ ਹੋਈਆਂ, ਪਰ ਮੰਡੀ ਦੀ ਸਥਿਤੀ ਪੂਰੀ ਤਰ੍ਹਾਂ ਬਦਲਦੀ ਦਿਖਾਈ ਨਹੀਂ ਦਿੱਤੀ। ਕੁੱਝ ਆੜ੍ਹਤੀਆਂ ਨੇ ਕਿਹਾ ਕਿ ਜੋ ਕੰਮ ਡੀਐੱਮਓ ਬੀਰਇੰਦਰ ਸਿੰਘ ਕਰ ਗਏ, ਉਹ ਬਾਅਦ ’ਚ ਕੋਈ ਅਧਿਕਾਰੀ ਨਹੀਂ ਕਰ ਸਕਿਆ।” ਆੜ੍ਹਤੀਆਂ ਦਾ ਇਹ ਵੀ ਦਾਅਵਾ ਹੈ ਕਿ ਮੰਡੀ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਅਤੇ ਨਿਰਪੱਖ ਕਾਰਵਾਈ ਦੀ ਲੋੜ ਹੈ।
ਇਸ ਪੂਰੇ ਮਾਮਲੇ ’ਚ ਸਭ ਤੋਂ ਅਹਿਮ ਗੱਲ ਮਾਰਕੀਟ ਕਮੇਟੀ ਦੇ ਮੌਜੂਦਾ ਰਿਕਾਰਡ ਦੀ ਜਾਂਚ ਹੋਵੇਗੀ। ਕਿਸ ਨੂੰ ਕਿੰਨਾ ਫੜ ਅਲਾਟ ਹੋਇਆ, ਮੌਕੇ ’ਤੇ ਕਿੰਨੀ ਜਗ੍ਹਾ ਵਰਤੀ ਜਾ ਰਹੀ ਹੈ, ਕਿਹੜੀ ਜਗ੍ਹਾ ਨਿਯਮਾਂ ਅਨੁਸਾਰ ਹੈ ਅਤੇ ਕਿਹੜੀ ਕਥਿਤ ਤੌਰ ’ਤੇ ਕਬਜ਼ੇ ਹੇਠ ਹੈ—ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਰਿਕਾਰਡ ਅਤੇ ਮੌਕੇ ਦੀ ਸਾਂਝੀ ਜਾਂਚ ਤੋਂ ਹੀ ਸਾਹਮਣੇ ਆ ਸਕਦਾ ਹੈ।
-ਬਾਕਸ-
-ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ : ਖੰਗੂੜਾ
ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਥਿਤ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ ਦੇ ਚੱਲਦਿਆਂ ਡਿਊਟੀ ਲੱਗੀ ਹੋਣ ਕਾਰਨ ਸਮਾਂ ਘੱਟ ਸੀ। ਕਾਗਜ਼ਾਂ ਦੇ ਆਧਾਰ ’ਤੇ ਚੈਕਿੰਗ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਾਂਚ ਸਿਰਫ਼ ਕਾਗਜ਼ਾਂ ਤੱਕ ਰਹਿੰਦੀ ਹੈ ਜਾਂ ਮੰਡੀ ਵਿੱਚ ਮੌਕੇ ’ਤੇ ਪਏ ਕਬਜ਼ਿਆਂ ਤੱਕ ਵੀ ਪੁੱਜਦੀ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ।