- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਟੇਰਿਆਂ ਦੇ ਤਸ਼ੱਦਦ ਦਾ ਸ਼ਿਕਾਰ ਵਿਦਿਆਰਥਣ, ਗੰਭੀਰ ਰੂਪ ਵਿੱਚ ਫੱਟੜ

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ
ਜਗੀਰਪੁਰ ਇਲਾਕੇ ’ਚ ਰਾਤ ਨੂੰ ਲੁਟੇਰਿਆਂ ਦੀ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ। ਆਪਣੀ ਸਹੇਲੀ ਕੋਲੋਂ ਕਿਤਾਬ ਲੈਣ ਲਈ ਭਰਾ ਨਾਲ ਸਕੂਟਰ ’ਤੇ ਜਾ ਰਹੀ 19 ਸਾਲਾ ਵਿਦਿਆਰਥਣ ਨੂੰ ਪਿੱਛਿਓਂ ਆਏ ਦੋ ਬਾਈਕ ਸਵਾਰਾਂ ਨੇ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਚੱਲਦੇ ਸਕੂਟਰ ਨੂੰ ਲੱਤ ਮਾਰ ਕੇ ਭੈਣ-ਭਰਾ ਨੂੰ ਸੜਕ ’ਤੇ ਸੁੱਟ ਦਿੱਤਾ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਵਰਧਮਾਨ ਕਲੋਨੀ, ਰਾਹੋਂ ਰੋਡ ਚੁੰਗੀ ਵਾਸੀ ਮੁਹੰਮਦ ਸਾਬਿਰ ਅਨਸਾਰੀ ਅਨੁਸਾਰ ਉਸ ਦੀ 19 ਸਾਲਾ ਧੀ ਸਾਜਦਾ ਬਾਨੋ 12ਵੀਂ ਕਰਨ ਤੋਂ ਬਾਅਦ ਕੰਪਿਊਟਰ ਦੀ ਕਲਾਸ ਲਾਉਂਦੀ ਹੈ। ਰਾਤ 8 ਵਜੇ ਉਹ ਭਰਾ ਰਿਆਨ ਨਾਲ ਸਕੂਟਰ ’ਤੇ ਸਹੇਲੀ ਕੋਲੋਂ ਕਿਤਾਬ ਲੈਣ ਲਈ ਜਗੀਰਪੁਰ ਜਾ ਰਹੀ ਸੀ। ਜਦੋਂ ਦੋਵੇਂ ਭੈਣ-ਭਰਾ ਜਗੀਰਪੁਰ ਦੇ ਗੁਰੂਘਰ ਨੇੜੇ ਪੁੱਜੇ, ਤਾਂ ਪਿੱਛੋਂ ਬਾਈਕ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਏ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਸਕੂਟਰ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਸਕੂਟਰ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ। ਸਾਜਦਾ ਤੇ ਉਸ ਦਾ ਭਰਾ ਵੀ ਸੜਕ ’ਤੇ ਡਿੱਗ ਪਏ। ਹਾਦਸੇ ਵਿੱਚ ਸਾਜਦਾ ਦੇ ਚਿਹਰੇ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਸੱਟਾਂ ਲੱਗੀਆਂ, ਜਦਕਿ ਉਸਦੇ ਭਰਾ ਨੂੰ ਮੋਢੇ ’ਤੇ ਟ ਲੱਗੀ। ਲੁਟੇਰਿਆਂ ਨੇ ਸਾਜਦਾ ਦਾ ਮੋਬਾਈਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਭੈਣ-ਭਰਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਜਦਾ ਦਾ ਇਲਾਜ ਚੱਲ ਰਿਹਾ ਹੈ। ਥਾਣਾ ਟਿੱਬਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ।