- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਉਗਰਾਹਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਰਿਹਾ ਜਾਰੀ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਪੱਕਾ ਮੋਰਚਾ ਅੱਜ 5ਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਆਗੂਆਂ ਨੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਥਾਨਕ ਮਸਲਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂਆਂ ਨੇ ਖ਼ਾਸ ਤੌਰ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਅਤੇ ਪਿੰਡ ਈਸੇਵਾਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਾਂਦੇ ਰਸਤੇ ਦਾ ਮਾਮਲਾ ਚੁੱਕਿਆ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਲਈ ਕਿਸਾਨ ਆਗੂ ਪਹੁੰਚੇ ਸਨ, ਪਰ ਡੀਸੀ ਛੁੱਟੀ ’ਤੇ ਹੋਣ ਕਾਰਨ ਏਡੀਸੀ ਨਾਲ ਗੱਲਬਾਤ ਕੀਤੀ ਗਈ। ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੁੱਝ ਲੋਕਾਂ ਨੂੰ ਹੀ ਮੁਆਵਜ਼ਾ ਮਿਲਿਆ ਹੈ, ਜਦਕਿ ਵੱਡੀ ਗਿਣਤੀ ’ਚ ਪ੍ਰਭਾਵਿਤ ਕਿਸਾਨਾਂ ਦੀ ਹਾਲੇ ਤੱਕ ਨੁਕਸਾਨ ਦੀ ਗਿਰਦਾਵਰੀ ਜਾਂ ਸਰਵੇਖਣ ਤੱਕ ਨਹੀਂ ਹੋਇਆ। ਕਿਸਾਨ ਆਗੂਆਂ ਵੱਲੋਂ ਮਾਮਲਾ ਚੁੱਕੇ ਜਾਣ ਤੋਂ ਬਾਅਦ ਏਡੀਸੀ ਨੇ ਮੌਕੇ ’ਤੇ ਐੱਸਡੀਐੱਮ ਨਾਲ ਫੋਨ ’ਤੇ ਗੱਲਬਾਤ ਕੀਤੀ। ਏਡੀਸੀ ਨੇ ਦੱਸਿਆ ਕਿ 5 ਸਤੰਬਰ ਨੂੰ ਦੁਪਹਿਰ 3 ਵਜੇ ਸਬੰਧਤ ਪਿੰਡਾਂ ਵਿੱਚ ਨੁਕਸਾਨ ਦਾ ਸਰਵੇ ਕਰਵਾਇਆ ਜਾਵੇਗਾ। ਜਥੇਬੰਦੀ ਨੇ ਮੰਗ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਾਰੇ ਕਿਸਾਨਾਂ ਦਾ ਨੁਕਸਾਨ ਸਹੀ ਢੰਗ ਨਾਲ ਦਰਜ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਈਸੇਵਾਲ ’ਚ ਕਿਸਾਨਾਂ ਦੇ ਰਸਤੇ ਦਾ ਮਾਮਲਾ ਵੀ ਚੁੱਕਿਆ। ਬਲਾਕ ਸਿੱਧਵਾਂ ਬੇਟ ਦੇ ਪਿੰਡ ਈਸੇਵਾਲ ਵਿੱਚ ਕਾਲੋਨੀਆਂ ਬਣਾਉਣ ਦੇ ਮਾਮਲੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਾਂਦਾ ਰਸਤਾ ਵਾਹੇ ਜਾਣ ਦਾ ਮਾਮਲਾ ਵੀ ਕਿਸਾਨ ਜਥੇਬੰਦੀ ਨੇ ਚੁੱਕਿਆ। ਇਸ ਸਬੰਧੀ ਰਿਪੋਰਟ ਡੀਸੀ ਦਫ਼ਤਰ ਲੁਧਿਆਣਾ ਨੂੰ ਭੇਜੀ ਜਾ ਚੁੱਕੀ ਹੈ ਅਤੇ ਸੋਮਵਾਰ ਨੂੰ ਇਹ ਰਿਪੋਰਟ ਡੀਸੀ ਦਫ਼ਤਰ ਨੂੰ ਮਿਲ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੌਦਾਗਰ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਜਗਮੀਤ ਸਿੰਘ ਕਲਾਹ, ਮਨਮੋਹਰ ਸਿੰਘ, ਮਨੋਹਰ ਸਿੰਘ ਕਿਲਾੜ, ਬਲਵੰਤ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਤਲਾ, ਤੀਰਥ ਸਿੰਘ ਤਲਵੰਡੀ, ਯੁਵਰਾਜ ਸਿੰਘ ਘੁਡਾਣੀ ਅਤੇ ਦਰਸ਼ਨ ਸਿੰਘ ਫੱਲੇਵਾਲ ਸਮੇਤ ਹੋਰ ਕਿਸਾਨ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕੀਤਾ।