- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਐੱਸਐੱਸ ਵੱਲੋਂ ਤਿੰਨ ਰੋਜ਼ਾ ਥੀਏਟਰ ਫੈਸਟੀਵਲ 11 ਤੋਂ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਸੰਸਥਾ ਲੁਧਿਆਣਾ ਸੰਸਕ੍ਰਿਤਿਕ ਸਮਾਗਮ (ਐੱਲਐੱਸਐੱਸ) ਵੱਲੋਂ ਦ ਬਿਲੀਵਰਜ਼ ਆਰਟਸ ਵੈਲਫੇਅਰ ਸੋਸਾਇਟੀ ਲੁਧਿਆਣਾ ਅਤੇ ਦਸਤਕ ਥੀਏਟਰ ਅੰਮ੍ਰਿਤਸਰ ਦੇ ਸਹਿਯੋਗ ਨਾਲ 11 ਤੋਂ 13 ਸਤੰਬਰ ਤੱਕ ਗੁਰੂ ਨਾਨਕ ਭਵਨ ਵਿਖੇ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਤਿੰਨੋਂ ਦਿਨ ਨਾਟਕਾਂ ਦੀਆਂ ਪੇਸ਼ਕਾਰੀਆਂ ਸ਼ਾਮ 7:30 ਵਜੇ ਹੋਣਗੀਆਂ। ਐੱਲਐੱਸਐੱਸ ਦੇ ਜਨਰਲ ਸਕੱਤਰ ਐਸਕੇ. ਰਾਏ ਨੇ ਦੱਸਿਆ ਕਿ ਫੈਸਟੀਵਲ ਦੀ ਸ਼ੁਰੂਆਤ 11 ਸਤੰਬਰ ਨੂੰ ਪ੍ਰਸਿੱਧ ਨਾਟਕਕਾਰ ਵਿਜੈ ਤੇਂਦੁਲਕਰ ਦੇ ਨਾਟਕ ਮਸਾਜ ਨਾਲ ਹੋਵੇਗੀ। ਮਸ਼ਹੂਰ ਅਦਾਕਾਰ ਰਾਕੇਸ਼ ਬੇਦੀ ਵੱਲੋਂ ਨਿਰਦੇਸ਼ਿਤ ਅਤੇ ਅਭਿਨੀਤ ਇਹ ਸੋਲੋ ਨਾਟਕ ਪਿਛਲੇ 22 ਸਾਲਾਂ ਤੋਂ ਮੰਚਿਤ ਕੀਤਾ ਜਾ ਰਿਹਾ ਹੈ। ਨਾਟਕ ਵਿੱਚ ਰਾਕੇਸ਼ ਬੇਦੀ 24 ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਹਾਸ ਤੇ ਵਿਅੰਗ ਰਾਹੀਂ ਪੇਸ਼ ਕੀਤੀ ਇਹ ਰਚਨਾ ਸਮਾਜ ਦੇ ਕਈ ਪੱਖਾਂ ਨੂੰ ਉਜਾਗਰ ਕਰੇਗੀ, 12 ਸਤੰਬਰ ਨੂੰ ਦ ਬਿਲੀਵਰਜ਼ ਆਰਟਸ ਵੈਲਫੇਅਰ ਸੋਸਾਇਟੀ ਵੱਲੋਂ ‘ਮਿਰਜ਼ਾ ਸਾਹਿਬਾ’ ਪੇਸ਼ ਕੀਤਾ ਜਾਵੇਗਾ। ਰਾਜਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਇਸ ਨਾਟਕ ਵਿੱਚ ਪੰਜਾਬ ਦੀ ਪ੍ਰਸਿੱਧ ਲੋਕ-ਗਾਥਾ ਨੂੰ ਨਵੇਂ ਨਜ਼ਰੀਏ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਪਿਆਰ, ਪਰਿਵਾਰਕ ਇੱਜ਼ਤ, ਰਵਾਇਤਾਂ, ਵਫ਼ਾਦਾਰੀ ਅਤੇ ਨਿੱਜੀ ਆਜ਼ਾਦੀ ਵਿਚਲੇ ਟਕਰਾਅ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਨਾਟਕ ਵਿੱਚ ਅੰਕਿਤ ਲੂਥਰਾ, ਅਵੰਤਿਕਾ ਸਿੰਘਾਨੀਆ, ਮੇਹਰਾਬ ਸਿੱਬਲ, ਵਿਸ਼ੂ ਨਾਰੰਗ, ਇਸ਼ਿਕਾ ਲਾਡੀਆ ਅਤੇ ਜੱਸੀ ਨਾਗਪਾਲ ਸਮੇਤ ਕਈ ਕਲਾਕਾਰ ਅਦਾਕਾਰੀ ਕਰਨਗੇ। ਫੈਸਟੀਵਲ ਦੀ ਸਮਾਪਤੀ 13 ਸਤੰਬਰ ਨੂੰ ਦਸਤਕ ਥੀਏਟਰ, ਅੰਮ੍ਰਿਤਸਰ ਦੀ ਪੇਸ਼ਕਾਰੀ ‘ਜੀਵਨ ਕੀ ਤਲਾਸ਼ ਮੇ’ ਨਾਟਕ ਨਾਲ ਹੋਵੇਗਾ। ਰਾਜਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਜਾਣ ਵਾਲੇ ਇਸ ਨਾਟਕ ਵਿੱਚ ਮਨੁੱਖੀ ਸੰਘਰਸ਼, ਹੌਸਲੇ, ਸੁਪਨਿਆਂ ਅਤੇ ਅਰਥਪੂਰਨ ਜੀਵਨ ਦੀ ਤਲਾਸ਼ ਨੂੰ ਦਰਸਾਇਆ ਹੈ। ਇਹ ਨਾਟਕ ਸਾਹਿਤਕਾਰ ਮੈਕਸਿਮ ਗੋਰਕੀ ਦੇ ਜੀਵਨ ਤੇ ਲਿਖਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 145 ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ।