- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਕਲੀਨ ਪੰਜਾਬ ਦੇ ਦਾਅਵਿਆਂ ਦੀ ਨਿਕਲੀ ਫੂਕ, ਦੁੱਗਰੀ ਡੰਪ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ

-ਕਾਗਜ਼ਾਂ ’ਚ ਸਫ਼ਾਈ ਮੁਹਿੰਮ ਤੇ ਜ਼ਮੀਨ ’ਤੇ ਲੱਗੇ ਕੂੜੇ ਦੇ ਢੇਰ, ਰਾਹਗੀਰ ਪਰੇਸ਼ਾਨ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਸ਼ਹਿਰ ਨੂੰ ਚਮਕਾਉਣ ਦੇ ਦਾਅਵੇ ਕਰਨ ਵਾਲੇ ਨਗਰ ਨਿਗਮ ਦੀ ਦੁੱਗਰੀ ਡੰਪ ’ਤੇ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਕ ਪਾਸੇ ਅਧਿਕਾਰੀ ਮੀਟਿੰਗਾਂ ਕਰਕੇ ਸਫਾਈ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਅਤੇ ਕੂੜੇ ਦੀ ਸਮੇਂ ਸਿਰ ਲਿਫਟਿੰਗ ਦੇ ਸਖ਼ਤ ਨਿਰਦੇਸ਼ ਜਾਰੀ ਕਰ ਰਹੇ ਹਨ, ਜਦਕਿ ਦੂਜੇ ਪਾਸੇ ਦੁੱਗਰੀ ਡੰਪ ਦੇ ਬਾਹਰ ਕੂੜੇ ਦੇ ਢੇਰ ਨਿਗਮ ਦੇ ਦਾਅਵਿਆਂ ਨੂੰ ਮੂੰਹ ਚਿੜ੍ਹਾ ਰਹੇ ਹਨ। ਮੀਂਹ ਪੈਣ ਤੋਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਡੰਪ ’ਤੇ ਪਿਆ ਕੂੜਾ ਗਿੱਲਾ ਹੋਣ ਕਾਰਨ ਸੜਾਂਦ ਮਾਰ ਰਿਹਾ ਹੈ ਅਤੇ ਬਦਬੂ ਇੰਨੀ ਤੇਜ਼ ਹੈ ਕਿ ਦੁੱਗਰੀ ਰੋਡ ਤੋਂ ਲੰਘਣ ਵਾਲੇ ਲੋਕਾਂ ਨੂੰ ਮੂੰਹ ’ਤੇ ਰੁਮਾਲ ਰੱਖ ਕੇ ਲੰਘਣਾ ਪੈ ਰਿਹਾ ਹੈ। ਜੇਕਰ ਸਫ਼ਾਈ ਨੂੰ ਲੈ ਕੇ ਨਿਗਮ ਇੰਨਾ ਹੀ ਗੰਭੀਰ ਹੈ ਤਾਂ ਲੋਕਾਂ ਨੂੰ ਬਦਬੂ ਦੇ ਇਸ ਨਰਕ ਵਿੱਚੋਂ ਕਿਉਂ ਲੰਘਣਾ ਪੈ ਰਿਹਾ ਹੈ? ਦੁੱਗਰੀ ਤੇ ਆਲੇ-ਦੁਆਲੇ ਦੇ ਮੁਹੱਲਿਆਂ ਦੀਆਂ ਗਲੀਆਂ ’ਚੋਂ ਰੋਜ਼ਾਨਾ ਕੂੜਾ ਇਕੱਠਾ ਕਰਕੇ ਡੰਪ ਤੱਕ ਲਿਆਂਦਾ ਜਾ ਰਿਹਾ ਹੈ, ਪਰ ਅੱਗੇ ਉਸ ਦੀ ਲਿਫਟਿੰਗ ਨਾ ਹੋਣ ਕਾਰਨ ਡੰਪ ਦੇ ਬਾਹਰ ਕੂੜੇ ਦੇ ਢੇਰ ਵਧਦੇ ਜਾ ਰਹੇ ਹਨ। ਸਫ਼ਾਈ ਮੁਲਾਜ਼ਮ ਰਾਜੂ ਨੇ ਦੱਸਿਆ ਕਿ ਤਾਜਪੁਰ ਰੋਡ ਸਥਿਤ ਡੰਪ ਨੂੰ ਜਾਣ ਵਾਲੀ ਸੜਕ ਟੁੱਟੀ ਹੋਣ ਕਾਰਨ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਕੁੜੇ ਦੀ ਲਿਫਟਿੰਗ ਡੰਪ ਅੰਦਰ ਨਾ ਹੋਣ ਕਾਰਨ ਸਾਨੂੰ ਘੰਟਿਆਂ ਬੱਧੀ ਇੰਤਜਾਰ ਕਰਨਾ ਪੈਂਦਾ, ਆਖਰ ਕੂੜੇ ਨੂੰ ਡੰਪ ਦੇ ਬਾਹਰ ਹੀ ਸੁੱਟਣ ਪੈ ਰਿਹਾ ਹੈ, ਕਿਉਂਕਿ ਡੰਪ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਡੰਪ ਤੇ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ। ਹੁਣ ਸਵਾਲ ਇਹ ਵੀ ਹੈ ਕਿ ਟੁੱਟੀ ਸੜਕ ਦੀ ਸਮੱਸਿਆ ਦਾ ਖ਼ਮਿਆਜ਼ਾ ਆਖ਼ਰ ਰਾਹਗੀਰ ਅਤੇ ਇਲਾਕਾ ਨਿਵਾਸੀ ਕਿਉਂ ਭੁਗਤਣ? ਹੈਰਾਨੀ ਹੈ ਕਿ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੱਲੋਂ ਸਫਾਈ ਵਿਵਸਥਾ ਨੂੰ ਲੈ ਕੇ ਲਗਾਤਾਰ ਸਖ਼ਤੀ ਦੇ ਦਾਅਵੇ ਕੀਤੇ ਜਾ ਰਹੇ ਹਨ। ਸੀਨੀਅਰ ਡਿਪਟੀ ਮੇਅਰ ਵੱਲੋਂ ਸਿਹਤ ਸ਼ਾਖਾ ਦੇ ਅਧਿਕਾਰੀਆਂ ਨੂੰ ਸਫਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ, ਕਰਮਚਾਰੀਆਂ ਦੀ ਹਾਜ਼ਰੀ ’ਤੇ ਨਜ਼ਰ ਰੱਖਣ ਅਤੇ ਕੂੜੇ ਦੀ ਨਿਯਮਤ ਲਿਫਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪਰ ਦੁੱਗਰੀ ਡੰਪ ਦੀ ਤਸਵੀਰ ਇਨ੍ਹਾਂ ਸਾਰੇ ਨਿਰਦੇਸ਼ਾਂ ਦੀ ਜ਼ਮੀਨੀ ਹਕੀਕਤ ਸਾਹਮਣੇ ਲਿਆ ਰਹੀ ਹੈ।
-ਲੋਕਾਂ ਨੇ ਬਦਬੂ ਤੋਂ ਰਾਹਤ ਦਿਵਾਉਣ ਦੀ ਕੀਤੀ ਮੰਗ
ਨਿਗਮ ਲੁਧਿਆਣਾ ਦੇ ਕਮਿਸ਼ਨਰ ਓਜਸਵੀ ਅਲੰਕਾਰ ਤੋਂ ਰਾਹਗੀਰ ਕੇਵਲ ਗੁਪਤਾ, ਨਿਸ਼ਾ ਗੁਪਤਾ, ਸ਼ਵਿੰਦਰ ਸਿੰਘ, ਮਿੱਠੂ ਚਾਵਲਾ ਨੇ ਮੰਗ ਕੀਤੀ ਹੈ ਕਿ ਦੁੱਗਰੀ ਡੰਪ ’ਤੇ ਬਣੀ ਸਥਿਤੀ ਦਾ ਤੁਰੰਤ ਨੋਟਿਸ ਲਿਆ ਜਾਵੇ, ਕੂੜੇ ਦੀ ਲਿਫਟਿੰਗ ਵਿੱਚ ਆ ਰਹੀ ਰੁਕਾਵਟ ਦੂਰ ਕੀਤੀ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਮੀਂਹ ਅਤੇ ਗਿੱਲੇ ਕੂੜੇ ਕਾਰਨ ਪੈਦਾ ਹੋ ਰਹੀ ਬਦਬੂ ਅਤੇ ਗੰਦਗੀ ਇਲਾਕੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ।
-ਮਿਸ਼ਨ ਕਲੀਨ ਪੰਜਾਬ ਸਿਰਫ਼ ਦਾਅਵਿਆਂ ਤਕ ਹੀ ਸੀਮਤ
ਇਸ ਸਬੰਧੀ ਨਿਗਮ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਓਜਸਵੀ ਅਲੰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸ਼ਹਿਰ ’ਚ ਸਫ਼ਾਈ ਨੂੰ ਲੈਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਦੁੱਗਰੀ ਡੰਪ ਦੇ ਬਾਹਰ ਕੂੜੇ ਦੇ ਢੇਰ ਕਿਸ ਦੀ ਲਾਪਰਵਾਹੀ ਦਾ ਨਤੀਜਾ ਹਨ। ਕੀ ‘ਮਿਸ਼ਨ ਕਲੀਨ ਪੰਜਾਬ’ ਸਿਰਫ਼ ਮੀਟਿੰਗਾਂ, ਨਿਰਦੇਸ਼ਾਂ ਤੇ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਰਹਿ ਗਿਆ ਹੈ।