- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਜਾਂ ਦੇ ਬਾਹਰ ਛੇੜਛਾੜ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਲੁਧਿਆਣਾ ਪੁਲਿਸ ਨੇ ਕੱਸਿਆ ਸ਼ਿਕੰਜਾ

-ਖ਼ਾਲਸਾ ਕਾਲਜ ਫਾਰ ਵੁਮੈਨ ਤੇ ਜੀਐੱਨਈ ਕਾਲਜ ਦੇ ਬਾਹਰ ਕੱਟੇ 73 ਚਲਾਨ, ਹੁਣ ਛੇੜਛਾੜ ਕਰਨ ਵਾਲਿਆਂ ਦੀ ਖੈਰ ਨਹੀਂ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਦੇ ਕਾਲਜਾਂ ਦੇ ਬਾਹਰ ਵਿਦਿਆਰਥਣਾਂ ਨਾਲ ਛੇੜਛਾੜ, ਬੇਵਜ੍ਹਾ ਘੁੰਮਣ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਹੁਣ ਪੁਲਿਸ ਦੀ ਸਖ਼ਤ ਨਜ਼ਰ ਰਹੇਗੀ। ਵਿਦਿਆਰਥਣਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਲੁਧਿਆਣਾ ਪੁਲਿਸ ਵੱਲੋਂ ਖਾਲਸਾ ਕਾਲਜ ਫਾਰ ਵੂਮੈਨ, ਘੁਮਾਰ ਮੰਡੀ ਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਰੋਡ ਦੇ ਬਾਹਰ ਵਿਸ਼ੇਸ਼ ਛੇੜਛਾੜ ਵਿਰੋਧੀ ਮੁਹਿੰਮ ਚਲਾਈ ਗਈ। ਪੁਲਿਸ ਅਧਿਕਾਰੀਆਂ ਨੇ ਕਾਲਜਾਂ ਦੇ ਮੁੱਖ ਗੇਟਾਂ ਅਤੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਸਥਾਨਾਂ ’ਤੇ ਖੁਦ ਮੌਜੂਦ ਰਹਿ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਦਾ ਮਕਸਦ ਕਾਲਜ ਆਉਣ-ਜਾਣ ਵਾਲੀਆਂ ਵਿਦਿਆਰਥਣਾਂ ਨੂੰ ਛੇੜਛਾੜ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਮੁਕਤ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸੀ। ਪੁਲਿਸ ਟੀਮਾਂ ਨੇ ਕਾਲਜ ਗੇਟਾਂ ਨੇੜੇ ਸ਼ੱਕੀ ਢੰਗ ਨਾਲ ਘੁੰਮਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਤੇ ਬਿਨਾਂ ਕਾਰਨ ਖੜ੍ਹੇ ਰਹਿਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ। ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਮੁਹਿੰਮ ਦੀ ਅਗਵਾਈ ਡੀਸੀਪੀ ਕਾਨੂੰਨ ਤੇ ਵਿਵਸਥਾ ਅਰਵਿੰਦ ਮੀਣਾ ਨੇ ਕੀਤੀ। ਉਨ੍ਹਾਂ ਦੇ ਨਾਲ ਏਡੀਸੀਪੀ ਜਾਂਚ ਤੇ ਈਓ ਵਿੰਗ ਰੁਪਿੰਦਰ ਕੌਰ ਭੱਟੀ, ਏਸੀਪੀ ਪੀਬੀਆਈ ਸਪੈਸ਼ਲ ਕ੍ਰਾਈਮ ਰੂਪਦੀਪ ਕੌਰ ਅਤੇ ਏਸੀਪੀ ਪੀਬੀਆਈ ਆਰਥਿਕ ਅਪਰਾਧ ਤੇ ਸਾਈਬਰ ਅਪਰਾਧ ਹਰਜਿੰਦਰ ਸਿੰਘ ਮੌਜੂਦ ਰਹੇ। ਦੂਜੇ ਪਾਸੇ ਜੀਐੱਨਈ ਕਾਲਜ ਦੇ ਬਾਹਰ ਡੀਸੀਪੀ ਵਿਸ਼ੇਸ਼ ਸ਼ਾਖਾ ਪਰਮਜੀਤ ਸਿੰਘ, ਦੀ ਅਗਵਾਈ ਹੇਠ ਜਾਂਚ ਕੀਤੀ ਗਈ। ਉਨ੍ਹਾਂ ਦੇ ਨਾਲ ਏਡੀਸੀਪੀ-2 ਕਰਨਵੀਰ ਸਿੰਘ ਅਤੇ ਏਸੀਪੀ ਲਾਇਸੈਂਸਿੰਗ ਤੇ ਸੁਰੱਖਿਆ ਗੁਰਇਕਬਾਲ ਸਿੰਘ, ਪੀਪੀਐੱਸ ਸਮੇਤ ਸਥਾਨਕ ਥਾਣਿਆਂ ਅਤੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਤਾਇਨਾਤ ਰਹੀਆਂ।
-ਬਾਕਸ-
-ਬਿਨਾਂ ਹੈਲਮਟ ਵਾਲਿਆਂ ’ਤੇ ਵੀ ਕੀਤੀ ਕਾਰਵਾਈ
ਛੇੜਛਾੜ ਵਿਰੋਧੀ ਮੁਹਿੰਮ ਦੇ ਨਾਲ ਪੁਲਿਸ ਨੇ ਕਾਲਜਾਂ ਦੇ ਆਲੇ-ਦੁਆਲੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਵੀ ਸਖ਼ਤੀ ਕੀਤੀ। ਮੌਕੇ ’ਤੇ ਕੁੱਲ 73 ਚਲਾਨ ਕੀਤੇ ਗਏ। ਇਨ੍ਹਾਂ ਵਿੱਚ 43 ਬਿਨਾਂ ਹੈਲਮਟ, 15 ਤਿੰਨ ਸਵਾਰੀਆਂ ਬਿਠਾਉਣ, 7 ਸੋਧੇ ਹੋਏ ਸਾਈਲੈਂਸਰ ਅਤੇ 8 ਗੈਰ-ਕਾਨੂੰਨੀ ਤਰੀਕੇ ਨਾਲ ਸੋਧੇ ਵਾਹਨਾਂ ਦੇ ਚਲਾਨ ਸ਼ਾਮਲ ਹਨ। ਪੁਲਿਸ ਨੇ ਖ਼ਾਸ ਤੌਰ ’ਤੇ ਉਨ੍ਹਾਂ ਮੋਟਰਸਾਈਕਲਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚ ਸੋਧੇ ਹੋਏ ਸਾਈਲੈਂਸਰ ਲਗਾ ਕੇ ਕਾਲਜਾਂ ਦੇ ਆਲੇ-ਦੁਆਲੇ ਬੇਲੋੜਾ ਸ਼ੋਰ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਅਮਨ-ਕਾਨੂੰਨ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਲੁਧਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਅਚਨਚੇਤ ਜਾਂਚ ਮੁਹਿੰਮਾਂ ਭਵਿੱਖ ਵਿੱਚ ਵੀ ਸ਼ਹਿਰ ਦੇ ਸੰਵੇਦਨਸ਼ੀਲ ਸਕੂਲਾਂ ਅਤੇ ਕਾਲਜਾਂ ਦੇ ਆਲੇ-ਦੁਆਲੇ ਜਾਰੀ ਰਹਿਣਗੀਆਂ, ਤਾਂ ਜੋ ਵਿਦਿਆਰਥਣਾਂ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।