- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਮਾਰਗਦਰਸ਼ਕ-ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ

-ਹਰਿਕ੍ਰਿਸ਼ਨ ਸਕੂਲ ’ਚ ਧੂਮਧਾਮ ਨਾਲ ਮਨਾਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਸੰਬੋਧਨ ਨਾਲ ਹੋਈ। ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ। ਸੰਬੋਧਨ ਰਾਹੀਂ ਕਰਮ ਪ੍ਰਤੀ ਨਿਸ਼ਠਾ, ਸੱਚਾਈ, ਨਿਮਰਤਾ, ਮਿੱਤਰਤਾ, ਹਿੰਮਤ ਅਤੇ ਮੁਸ਼ਕਲ ਹਾਲਾਤ ਵਿੱਚ ਵੀ ਧੀਰਜ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਦੇ ਆਡੀਟੋਰੀਅਮ ਵਿੱਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਜਨਮਾਸ਼ਟਮੀ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਨਾਲ ਹੋਈ।
ਇਸ ਉਪਰੰਤ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵਾ ਨੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਮਿਲ ਕੇ ਬਾਲ ਗੋਪਾਲ ਜੀ ਦੀ ਵਿਧੀਪੂਰਵਕ ਪੂਜਾ ਕੀਤੀ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਭਗਤੀ-ਭਾਵ ਨਾਲ ਭਰਪੂਰ ਭਜਨ ‘ਕਾਨ੍ਹਾ ਅਬ ਤੋ ਮੁਰਲੀ ਕੀ ਮਧੁਰ ਸੁਨਾ ਦੋ ਤਾਨ’ ਨੇ ਸਮੁੱਚੇ ਮਾਹੌਲ ਨੂੰ ਕ੍ਰਿਸ਼ਨਮਈ ਬਣਾ ਦਿੱਤਾ। ਤੀਜੀ, ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਸਤਰੀ ਨ੍ਰਿਤ ਰਾਹੀਂ ਮਨਮੋਹਕ ਸ਼੍ਰੀ ਕ੍ਰਿਸ਼ਨ ਲੀਲਾ ਪੇਸ਼ ਕੀਤੀ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ‘ਸਰ ਪੇ ਉਠਾਏ ਵਾਸੁਦੇਵ, ਕਨ੍ਹੱਈਆ ਜੀ ਕੋ ਲੇ ਕੇ ਚਲੇ’ ਉੱਤੇ ਭਾਵਪੂਰਨ ਪੇਸ਼ਕਾਰੀ ਦੇ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਤੇ ਵਾਸੁਦੇਵ ਜੀ ਦੁਆਰਾ ਉਨ੍ਹਾਂ ਨੂੰ ਗੋਕੁਲ ਲਿਜਾਣ ਦੇ ਦ੍ਰਿਸ਼ ਨੂੰ ਜੀਵੰਤ ਕਰ ਦਿੱਤਾ। ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਲੀਲਾਧਰ ਕੀ ਲੀਲ੍ਹਾ’ ਅਤੇ ਸ੍ਰੀ ਕ੍ਰਿਸ਼ਨ ਲੀਲ੍ਹਾ ਫਿਊਜ਼ਨ ਰਾਹੀਂ ਕ੍ਰਿਸ਼ਨ ਜੀ ਦੇ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ਨੂੰ ਸੁੰਦਰ ਨ੍ਰਿਤ, ਭਾਵ-ਭੰਗਿਮਾਵਾਂ ਅਤੇ ਆਕਰਸ਼ਕ ਤਾਲਮੇਲ ਨਾਲ ਪੇਸ਼ ਕੀਤਾ।
ਇਸ ਮੌਕੇ ਜਮਾਤਾਂ ਵਿੱਚ ‘ਸ੍ਰੀ ਕ੍ਰਿਸ਼ਨ ਟੀਚਿੰਗ ਟ੍ਰੀ’ (ਸਿੱਖਿਆ ਰੁੱਖ) ਵਿਸ਼ੇ ’ਤੇ ਰਚਨਾਤਮਕ ਕਲਾ-ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਰੰਗ-ਬਿਰੰਗੇ ਕਾਗਜ਼ ਦੇ ਪੱਤਿਆਂ ਉੱਤੇ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ—ਕਰਮ, ਸੱਚ, ਪ੍ਰੇਮ, ਸ਼ਾਂਤੀ, ਦਇਆ, ਹਿੰਮਤ ਅਤੇ ਨਿਸ਼ਕਾਮ ਸੇਵਾ—ਲਿਖ ਕੇ ਸੁੰਦਰ ਸਿੱਖਿਆ ਰੁੱਖ ਤਿਆਰ ਕੀਤੇ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਕਲਾ ਦੇ ਨਾਲ-ਨਾਲ ਜੀਵਨ ਮੁੱਲਾਂ ਨੂੰ ਵੀ ਸਮਝਿਆ। ਸਮਾਰੋਹ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਹਰ ਯੁੱਗ ਵਿੱਚ ਮਨੁੱਖਤਾ ਲਈ ਮਾਰਗਦਰਸ਼ਕ ਹਨ। ਉਨ੍ਹਾਂ ਬੱਚਿਆਂ ਨੂੰ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ, ਸਦਾ ਸੱਚ ਦਾ ਸਾਥ ਦੇਣ ਅਤੇ ਹਰ ਹਾਲਤ ਵਿੱਚ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਵਾਸਤਵਾ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਅਤੇ ਅਧਿਆਪਕਾਂ ਦੇ ਸੁਚੱਜੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।