- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਸ਼ ਪ੍ਰੋਲਾਈਫ ਹਸਪਤਾਲ ਵੱਲੋਂ ਮੀਰੀ ਪੀਰੀ ਖਾਲਸਾ ਮਾਰਚ ਦਾ ਭਰਵਾਂ ਸਵਾਗਤ

ਫੋਟੋ ਨੰਬਰ-17
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਮੀਰੀ-ਪੀਰੀ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਵੱਲੋਂ ਆਰੰਭ ਕੀਤੇ ਮੀਰੀ ਪੀਰੀ ਖਾਲਸਾ ਮਾਰਚ ਦੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਰਾਤਰੀ ਵਿਸ਼ਰਾਮ ਉਪਰੰਤ ਅਗਲੇ ਪੜਾਅ ਲਈ ਚਲਦਿਆਂ ਮੈਸ਼ ਪ੍ਰੋਲਾਈਫ ਹਸਪਤਾਲ ਸਾਹਮਣੇ ਲੰਘਿਆ। ਮੈਸ਼ ਪ੍ਰੋਲਾਈਫ ਹਸਪਤਾਲ ਵੱਲੋਂ ਡਾਇਰੈਕਟਰ ਅਤੇ ਚੀਫ਼ ਕਨਸਲਟੈਂਟ ਡਾ. ਹਰਪ੍ਰੀਤ ਸਿੰਘ ਜੌਲੀ ਅਤੇ ਉਹਨਾਂ ਦੇ ਹਸਪਤਾਲ ਦੇ ਸਟਾਫ ਵੱਲੋਂ ਮੀਰੀ ਪੀਰੀ ਖ਼ਾਲਸਾ ਮਾਰਚ ਸਨਮੁਖ ਨਤਮਸਤਕ ਹੁੰਦਿਆਂ ਸ਼ਰਧਾ ਨਾਲ ਸਵਾਗਤ ਕੀਤਾ ਅਤੇ ਮਾਰਚ ਵਿੱਚ ਸਮੂਲੀਅਤ ਕਰਨ ਵਾਲੀਆਂ ਸਮੂਹ ਸੰਗਤਾਂ ਦੀ ਸੇਵਾ ਵਿੱਚ ਨਾਲ ਲੰਗਰ ਵਰਤਾਏ। ਹਸਪਤਾਲ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸੰਗਤ ਨੇ ਪ੍ਰਵਾਨਗੀ ਦਿੰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਧਾਰਮਿਕ ਮਾਹੌਲ ਵਿੱਚ ਰੰਗਿਆ। ਡਾ. ਹਰਪ੍ਰੀਤ ਸਿੰਘ ਜੌਲੀ ਨੇ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਨੁੱਖਤਾ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ। ਇਹ ਸਿਧਾਂਤ ਸਾਨੂੰ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਸੱਚ, ਇਨਸਾਫ਼ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾ ਵੀ ਮਨੁੱਖਤਾ ਦੀ ਸੇਵਾ ਦਾ ਇੱਕ ਮਹੱਤਵਪੂਰਨ ਰੂਪ ਹੈ। ਜਦੋਂ ਕੋਈ ਵਿਅਕਤੀ ਬਿਮਾਰੀ ਜਾਂ ਮੁਸ਼ਕਲ ਵਿੱਚ ਹੁੰਦਾ ਹੈ ਤਾਂ ਉਸ ਨੂੰ ਸਹੀ ਇਲਾਜ, ਹੌਸਲਾ ਅਤੇ ਸਹਿਯੋਗ ਦੇਣਾ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਮੈਸ਼ ਪ੍ਰੋਲਾਈਫ ਹਸਪਤਾਲ ਦੀ ਪੂਰੀ ਟੀਮ ਇਸੇ ਸੇਵਾ ਭਾਵਨਾ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਸਮੇਂ-ਸਮੇਂ ’ਤੇ ਸਿਹਤ ਜਾਗਰੂਕਤਾ ਕੈਂਪ, ਮੈਡੀਕਲ ਚੈੱਕਅਪ ਕੈਂਪ ਅਤੇ ਸਮਾਜਿਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਹਸਪਤਾਲ ਦੇ ਸਟਾਫ਼ ਵੱਲੋਂ ਸੰਗਤਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਗਈ। ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ਸਾਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਨਿਸ਼ਕਾਮ ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਮੈਸ਼ ਪ੍ਰੋਲਾਈਫ ਹਸਪਤਾਲ ਵੱਲੋਂ ਸਮੂਹ ਸੰਗਤਾਂ ਨੂੰ ਮੀਰੀ-ਪੀਰੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।