- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸਵਾਗਤ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ / ਆਲਮਗੀਰ
ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ ਵਿਖੇ ਪਹੁੰਚਣ ’ਤੇ ਸਮੁੱਚੇ ਕਾਲਜ ਪਰਿਵਾਰ ਲਈ ਸ਼ਰਧਾ, ਸਤਿਕਾਰ ਤੇ ਆਤਮਿਕ ਖੁਸ਼ੀ ਨਾਲ ਭਰਪੂਰ ਰਿਹਾ। ਮਾਰਚ ਨਾਲ ਪੁੱਜੀ ਸੰਗਤ ਦਾ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ। ਕਾਲਜ ਦੇ ਸਮੂਹ ਪਰਿਵਾਰ ਨੇ ਸੰਗਤ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਇਸ ਪਾਵਨ ਯਾਤਰਾ ਨਾਲ ਆਪਣੀ ਸਾਂਝ ਅਤੇ ਭਾਵਨਾਤਮਕ ਜੁੜਾਅ ਨੂੰ ਦਰਸਾਇਆ। ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ, ਸਿੱਖੀ ਦੇ ਮਹਾਨ ਸਿਧਾਂਤਾਂ ਅਤੇ ਗੁਰਮਤਿ ਦੇ ਉੱਚੇ-ਸੁੱਚੇ ਸੰਦੇਸ਼ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਇਸ ਪਾਵਨ ਮੌਕੇ ’ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਸੱਚਾਈ, ਨਿਮਰਤਾ, ਸੇਵਾ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੇ ਮਾਰਗ ’ਤੇ ਤੁਰਨ ਲਈ ਪ੍ਰੇਰਣਾ ਦਿੱਤੀ ਗਈ। ਮਾਰਚ ਦਾ ਇਹ ਆਤਮਿਕ ਮਾਹੌਲ ਸਿੱਖੀ ਦੇ ਮਹਾਨ ਮੁੱਲਾਂ ਪ੍ਰਤੀ ਸ਼ਰਧਾ ਅਤੇ ਸਮਰਪਣ ਦੀ ਭਾਵਨਾ ਨੂੰ ਹੋਰ ਗਹਿਰਾ ਕਰਨ ਵਾਲਾ ਰਿਹਾ। ਮੀਰੀ-ਪੀਰੀ ਦਾ ਪਾਵਨ ਸਿਧਾਂਤ ਮਨੁੱਖ ਨੂੰ ਕੇਵਲ ਆਤਮਿਕ ਉੱਨਤੀ ਵੱਲ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ, ਨਿਰਭਰਤਾ ਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਵੱਲ ਵੀ ਪ੍ਰੇਰਿਤ ਕਰਦਾ ਹੈ।ਇਸ ਪਵਿੱਤਰ ਮੌਕੇ ’ਤੇ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਨੁੱਖਤਾ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਕਾਲਜ ਵਿਖੇ ਇਹ ਆਗਮਨ ਸਮੁੱਚੇ ਕਾਲਜ ਪਰਿਵਾਰ ਲਈ ਇੱਕ ਯਾਦਗਾਰ ਅਤੇ ਆਤਮਿਕ ਤੌਰ ’ਤੇ ਪ੍ਰੇਰਣਾਦਾਇਕ ਅਵਸਰ ਬਣਿਆ, ਜਿਸ ਨੇ ਸਿੱਖੀ ਦੇ ਪਾਵਨ ਸੰਦੇਸ਼ -ਸੇਵਾ, ਸਿਮਰਨ, ਨਿਮਰਤਾ, ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਨੂੰ ਜੀਵਨ ਵਿੱਚ ਅਪਣਾਉਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।