- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਮਗਰੋਂ ਮੱਛਰਾਂ ਦੇ ਖ਼ਤਰੇ ’ਤੇ ਸਖ਼ਤ ਹੋਏ ਸੀਨੀਅਰ ਡਿਪਟੀ ਮੇਅਰ ਪਰਾਸ਼ਰ

-ਮੀਂਹ ਮਗਰੋਂ ਮੱਛਰਾਂ ਦੇ ਖ਼ਤਰੇ ’ਤੇ ਸਖ਼ਤ ਹੋਏ ਸੀਨੀਅਰ ਡਿਪਟੀ ਮੇਅਰ ਪਰਾਸ਼ਰ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਮੀਂਹ ਤੋਂ ਬਾਅਦ ਸ਼ਹਿਰ ਵਿੱਚ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਸਖ਼ਤ ਰੁਖ ਵਿੱਚ ਨਜ਼ਰ ਆਏ ਹਨ। ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਪਰਾਸ਼ਰ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰੋਡ ’ਤੇ ਖੁਦ ਸਫ਼ਾਈ ਮੁਹਿੰਮ ਦੀ ਕਮਾਨ ਸੰਭਾਲੀ ਤੇ ਨਿਗਮ ਦੇ ਅਧਿਕਾਰੀਆਂ ਨੂੰ ਫੌਗਿੰਗ ਅਤੇ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਨਗਰ ਨਿਗਮ ਦੀ ਸਿਹਤ ਸ਼ਾਖਾ ਦੇ ਅਧਿਕਾਰੀਆਂ ਨਾਲ ਇਲਾਕੇ ਦਾ ਜਾਇਜ਼ਾ ਲੈਂਦਿਆਂ ਸੀਨੀਅਰ ਡਿਪਟੀ ਮੇਅਰ ਨੇ ਫੀਲਡ ਸਟਾਫ਼ ਨੂੰ ਸਪੱਸ਼ਟ ਕੀਤਾ ਕਿ ਮੀਂਹ ਦੌਰਾਨ ਜਿੱਥੇ ਪਾਣੀ ਖੜ੍ਹਾ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਵਧਣ ਦਾ ਖ਼ਤਰਾ ਹੈ, ਉੱਥੇ ਸਮੇਂ ਸਿਰ ਫੌਗਿੰਗ ਕਰਵਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਯਕੀਨੀ ਬਣਾਇਆ ਜਾਵੇ।
ਪਰਾਸ਼ਰ ਨੇ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਦੀ ਹਾਜ਼ਰੀ ਦੀ ਨਿਯਮਤ ਜਾਂਚ ਕਰਨ ਦੇ ਨਾਲ-ਨਾਲ ਸ਼ਹਿਰ ਵਿੱਚ ਕੂੜੇ ਦੀ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਸਾਫ਼ ਕਿਹਾ ਕਿ ਸਫ਼ਾਈ ਵਿਵਸਥਾ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੈਦਾਨੀ ਪੱਧਰ ’ਤੇ ਕੰਮ ਦੀ ਨਿਗਰਾਨੀ ਹੋਰ ਮਜ਼ਬੂਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਤੇ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਉਹ ਖੁਦ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਇਸ ਦੇ ਨਾਲ ਹੀ ਵਸਨੀਕਾਂ ਤੋਂ ਫੀਡਬੈਕ ਲੈ ਕੇ ਜਿੱਥੇ ਵੀ ਕੋਈ ਕਮੀ ਸਾਹਮਣੇ ਆ ਰਹੀ ਹੈ, ਉਸ ਨੂੰ ਦੂਰ ਕਰਨ ਲਈ ਅਧਿਕਾਰੀਆਂ ਨੂੰ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।