- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁੰਮਸ ਭਰੀ ਗਰਮੀ ਤੋਂ ਰਾਹਤ ਨਹੀਂ ਦਿਵਾ ਸਕਿਆ ਬੁੱਧਵਾਰ ਨੂੰ ਮਹਾਂਨਗਰ ਪਿਆ ਮੀਂਹ

-ਲੋਕਾਂ ਲਈ ਮੀਂਹ ਰਾਹਤ ਦੀ ਥਾਂ ਆਫ਼ਤ ਸਾਬਤ ਹੋਇਆ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਬੁੱਧਵਾਰ ਨੂੰ ਮਹਾਂਨਗਰ ’ਚ ਇੱਕ ਘੰਟੇ ਦੇ ਕਰੀਬ ਪਿਆ ਮੀਂਹ ਵੀ ਸ਼ਹਿਰਵਾਸੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਨਾ ਦਿਵਾ ਸਕਿਆ ਜੋ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਸਨ ਅਤੇ ਲੋਕ ਰਾਹਤ ਦੀ ਉਮੀਦ ਵਿੱਚ ਸਨ। ਜਿਉਂ ਹੀ 12 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਵਿਖਾਈ ਦਿੱਤੀ ਜੋ ਮੀਂਹ ਖਤਮ ਹੁੰਦੇ ਹੀ ਗਾਇਬ ਹੋ ਗਈ। ਇੱਧਰ ਉੱਧਰ ਜਾ ਰਹੇ ਲੋਕਾਂ ਨੂੰ ਗਰਮੀ ਨੇ ਘੇਰ ਲਿਆ। ਲੋਕਾਂ ਅਨੁਸਾਰ ਮੀਂਹ ਲਗਾਤਾਰ ਕਈ ਘੰਟੇ ਪੈਂਦਾ ਤਾਂ ਸ਼ਾਇਦ ਗਰਮੀ ਤੋਂ ਰਾਹਤ ਮਿਲ ਜਾਂਦੀ ਪਰ ਇਹ ਮੀਂਹ ਰਾਹਤ ਦੀ ਥਾਂ ਆਫਤ ਸਾਬਤ ਹੋਇਆ।
ਸ਼ਹਿਰ ਵਿੱਚ ਬੱਦਲਵਾਈ ਦੇ ਨਾਲ ਮੀਂਹ ਪੈਣ ’ਤੇ ਲੋਕਾਂ ਨੂੰ ਉਮੀਦ ਸੀ ਕਿ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਗਰਮੀ ਤੋਂ ਰਾਹਤ ਮਿਲੇਗੀ ਪਰ ਮੀਂਹ ਰੁਕਣ ਤੋਂ ਬਾਅਦ ਹਵਾ ਵਿੱਚ ਨਮੀ ਵਧ ਗਈ, ਜਿਸ ਕਾਰਨ ਹੁੰਮਸ ਹੋਰ ਮਹਿਸੂਸ ਹੋਣ ਲੱਗੀ। ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਬਾਹਰ ਕੰਮ ਕਰਨ ਵਾਲਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਮੀ ਜ਼ਿਆਦਾ ਹੋਣ ਕਾਰਨ ਪਸੀਨੇ ਅਤੇ ਚਿਪਚਿਪਾਹਟ ਵਾਲੀ ਗਰਮੀ ਮਹਿਸੂਸ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਕੁੱਝ ਸਮੇਂ ਲਈ ਆਸ ਬਣੀ ਸੀ ਕਿ ਗਰਮੀ ਘੱਟ ਹੋਵੇਗੀ, ਪਰ ਮੀਂਹ ਤੋਂ ਬਾਅਦ ਹੁੰਮਸ ਨੇ ਮੁੜ ਮੁਸ਼ਕਲਾਂ ਵਧਾ ਦਿੱਤੀਆਂ। ਇਸ ਮੌਸਮ ਦਾ ਅਸਰ ਬਾਜ਼ਾਰਾਂ ਅਤੇ ਸੜਕਾਂ ’ਤੇ ਵੀ ਦੇਖਣ ਨੂੰ ਮਿਲਿਆ। ਜ਼ਰੂਰੀ ਕੰਮਾਂ ਲਈ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਗਰਮੀ ਅਤੇ ਨਮੀ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਕੁੱਝ ਥਾਵਾਂ ’ਤੇ ਸੜਕਾਂ ਗਿੱਲੀਆਂ ਹੋਣ ਅਤੇ ਪਾਣੀ ਖੜ੍ਹਾ ਹੋਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਿਰਫ਼ ਮੀਂਹ ਪੈਣ ਨਾਲ ਹੀ ਗਰਮੀ ਤੋਂ ਰਾਹਤ ਨਹੀਂ ਮਿਲਦੀ, ਸਗੋਂ ਮੀਂਹ ਤੋਂ ਬਾਅਦ ਮੌਸਮ ਵਿੱਚ ਨਮੀ ਵਧਣ ਨਾਲ ਹੁੰਮਸ ਹੋਰ ਪਰੇਸ਼ਾਨ ਕਰਦੀ ਹੈ। ਲੋਕ ਹੁਣ ਅਜਿਹੇ ਮੌਸਮ ਦੀ ਉਡੀਕ ਕਰ ਰਹੇ ਹਨ ਜਿਸ ਵਿੱਚ ਮੀਂਹ ਦੇ ਨਾਲ ਤਾਪਮਾਨ ਵਿੱਚ ਵੀ ਸਪੱਸ਼ਟ ਗਿਰਾਵਟ ਆਵੇ ਅਤੇ ਹਵਾ ਵਿੱਚ ਠੰਢਕ ਮਹਿਸੂਸ ਹੋਵੇ। ਮੌਸਮ ਦੇ ਇਸ ਬਦਲਦੇ ਰੁਖ਼ ਕਾਰਨ ਲੋਕਾਂ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਮੌਸਮ ’ਤੇ ਟਿਕੀਆਂ ਹੋਈਆਂ ਹਨ। ਫਿਲਹਾਲ ਲੁਧਿਆਣਾ ਵਿੱਚ ਮੀਂਹ ਦੇ ਬਾਵਜੂਦ ਗਰਮੀ ਅਤੇ ਹੁੰਮਸ ਤੋਂ ਪੂਰੀ ਰਾਹਤ ਨਾ ਮਿਲਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਜਾਰੀ ਹਨ। ਮੀਂਹ ਦੇ ਬਾਵਜੂਦ ਮਾਡਲ ਟਾਊਨ ਐਕਸ਼ਟੈਂਸ਼ਨ ਸਥਿੱਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸੰਗਤਾਂ ਨੇ ਚੌਪਹਿਰਾ ਸਮਾਗਮ ਵਿੱਚ ਵੱਡੀ ਗਿਣਤੀ ’ਚ ਵੱਡੀ ਹਾਜ਼ਰੀ ਭਰੀ।