- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
...ਜਦੋਂ ਵੀ ਸੁਰ ਲਾਉਨਾਂ ਮੇਰੇ ਸਾਹਮਣੇ ਆ ਖੜ੍ਹਦੇ ਨੇ ਪਿਤਾ-ਮਨਰਾਜ ਪਾਤਰ

-ਅੰਕੁਰ ਤੇ ਮਨਰਾਜ ਨੇ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਫਰੋਲੇ ਵਰਕੇ
ਫੋਟੋ ਨੰਬਰ-8
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿੱਤ ਡਾ ਸੁਰਜੀਤ ਪਾਤਰ ਚੇਅਰ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਗਏ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਅਤੇ ਮਨਰਾਜ ਪਾਤਰ ਵੱਲੋਂ ਆਪਣੇ ਪਿਤਾ ਪਦਮਸ਼੍ਰੀ ਡਾ ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਪਾਤਰ ਸੁਨੇਹੀਆਂ ਨਾਲ ਗੱਲ ਕਰਦਿਆਂ ਉਹ ਦੋਵੇਂ ਕਈ ਵਾਰ ਭਾਵੁਕ ਹੋਏ। ਇਸ ਰੂ-ਬ-ਰੂ ਦੌਰਾਨ ਕਿਸੇ ਮੋੜ ’ਤੇ ਸਮਾਂ ਗਮਗੀਨ ਵੀ ਬਣਦਾ ਰਿਹਾ ਪਰ ਸੁਰਜੀਤ ਪਾਤਰ ਦੀਆਂ ਉਤਸ਼ਾਹੀ ਗੱਲਾਂ ਨੂੰ ਯਾਦ ਕਰਦਿਆਂ ਮਹੌਲ ਖੁਸ਼ਗਵਾਰ ਵੀ ਰਿਹਾ। ਇਸ ਵੇਲੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਹੇ ਅੰਕੁਰ ਪਾਤਰ ਨੇ ਕਿਹਾ ਉਹ ਦੁਨੀਆਂ ਦੇ ਕਿਸੇ ਕੋਨੇ ਵੀ ਹੋਵੇ ਪਿਤਾ ਦਾ ਆਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ ਹੈ। ਉਸਨੇ ਕਿਹਾ ਵਿਦੇਸ਼ ਦੀਆਂ ਵੱਡੀਆਂ ਸਭਾਵਾਂ ’ਚ ਵੀ ਜਦੋਂ ਪਾਤਰ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਉਨ੍ਹਾਂ ਦਾ ਪੁੱਤਰ ਹੋਣ ’ਤੇ ਮਾਣ ਮਹਿਸੂਸ ਕਰਦਾਂ ਹਾਂ। ਮਨਰਾਜ ਪਾਤਰ ਨੇ ਕਿਹਾ ਉਸ ਨੂੰ ਪਿਤਾ ਵੱਲੋਂ ਮਿਲਿਆ ਸੁਰ-ਸਬਕ ਮੇਰੇ ਲਈ ਅਮੁੱਲ ਹੈ ਕਿਉਂਕਿ ਉਨ੍ਹਾਂ ਮੈਨੂੰ ਸ਼ਬਦ ਅਤੇ ਸੁਰ ਨਾਲ ਜੋੜਿਆ। ਮੈਂ ਅੱਖਾਂ ਬੰਦ ਕਰਕੇ ਸੁਰ ਲਾਉਂਦਾ ਹਾਂ ਉਹ ਮੇਰੇ ਸਾਹਮਣੇ ਆ ਖੜ੍ਹਦੇ ਨੇ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਾਰਜਕਾਰੀ ਵਾਈਸ ਚਾਂਸਲਰ ਡਾ ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਪਾਤਰ ਦੀ ਇੱਕ ਪਿਤਾ ਵਜੋਂ ਤਸਵੀਰ ਸਾਡੇ ਸਾਹਮਣੇ ਬਣੀ ਹੈ ਜੋ ਸਾਡੇ ਚੇਤਿਆਂ ਵਿੱਚ ਰਹੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ ਪਾਤਰ ਨੇ ਪੰਜਾਬ ਐਗਰੀਕਲਚਰਲ ’ਵਰਸਿਟੀ ’ਚ ਜੋ ਪੈੜ੍ਹਾਂ ਪਾਈਆਂ ਹਨ ਉਹ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੰਕੁਰ ਅਤੇ ਮਨਰਾਜ ਤੋਂ ਪਾਤਰ ਸਾਹਿਬ ਅਤੇ ਪਰਿਵਾਰ ਬਾਰੇ ਗੱਲਾਂ ਬਾਤਾਂ ਕੀਤੀਆਂ। ਖੁੱਲ੍ਹੀ ਵਿਚਾਰ ਚਰਚਾ ਦੌਰਾਨ ਪੱਤਰਕਾਰ ਵਿਭਾਗ ਦੀ ਮੁਖੀ ਡਾ ਸ਼ੀਤਲ ਥਾਪਰ, ਡਾ ਹਰਮੀਤ ਸਿੰਘ ਕਿੰਗਰਾ, ਪ੍ਰਿੰਸੀਪਲ ਕੁਲਦੀਪ ਸਿੰਘ, ਡਾ ਧਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ,ਚਰਨਜੀਤ ਸਿੰਘ, ਪ੍ਰੋ ਕਰਨਵੀਰ ਸਿੰਘ ਗਿੱਲ, ਡਾ ਸੁਖਦੇਵ ਸਿੰਘ, ਭੂਸ਼ਨ ਗੋਇਲ, ਸੁਰਿੰਦਰ ਕੈਲੇ, ਜਸਵਿੰਦਰ ਵਿਰਕ ਅਤੇ ਗਜ਼ਲਗੋ ਗੁਰਚਰਨ ਕੌਰ ਕੋਚਰ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਅੰਤ ’ਚ ਮਨਰਾਜ ਪਾਤਰ ਵੱਲੋਂ ਡਾ ਸੁਰਜੀਤ ਪਾਤਰ ਦੀਆਂ ਰਚਨਾਵਾਂ ਪੇਸ਼ ਕਰਕੇ ਸਮੇਂ ਨੂੰ ਸੰਗੀਤਕ ਰੰਗਤ ਦਿੱਤੀ। ਸਵਾਗਤ ਡਾ ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ ਨਿਰਮਲ ਜੌੜਾ ਨੇ ਕੀਤਾ। ਮੰਚ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਨੇ ਕੀਤਾ। ਅੰਤ ਵਿੱਚ ਧੰਨਵਾਦ ਡਾ. ਰੁਪਿੰਦਰ ਤੂਰ ਵੱਲੋਂ ਕੀਤਾ ਗਿਆ।