- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਦੀ ਬੋਟਮ-ਬਹਾਦਰ ਕੇ ਰੋਡ ਸਬਜ਼ੀ ਮੰਡੀ ’ਚ ‘ਮਲਟੀਪਲ ਪਰਚੀ’ ਦੀ ਆੜ ’ਚ 250 ਰੁਪਏ ਵਸੂਲੀ ਦੇ ਦੋਸ਼

-ਕਿਸੇ ਨੂੰ ਕੰਡੇ ਦੀ ਪਰਚੀ ਮਿਲੀ, ਕਿਸੇ ਨੂੰ ਨਹੀਂ, ਵਾਹਨ ਚਾਲਕਾਂ ਨੇ ਮੰਗੀ ਨਿਰਪੱਖ ਜਾਂਚ
ਫ਼ੋਟੋ ਨੰਬਰ-29,30,31,32,33,34,35,36
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ’ਚ ‘ਮਲਟੀਪਲ ਪਾਰਕਿੰਗ ਪਰਚੀ’ ਦੇ ਨਾਂ ’ਤੇ ਵਾਹਨ ਚਾਲਕਾਂ ਤੋਂ ਵਸੂਲੀ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ। ਵਾਹਨ ਚਾਲਕਾਂ ਦਾ ਦੋਸ਼ ਹੈ ਕਿ ਮੰਡੀ ’ਚ ਦਾਖ਼ਲ ਹੋਣ ਸਮੇਂ ਪਾਰਕਿੰਗ ਦੇ ਨਾਂ ’ਤੇ ਰਕਮ ਵਸੂਲਣ ਨਾਲ ਕੰਡੇ ਦੀ ਫੀਸ ਵੀ ਲਈ ਜਾ ਰਹੀ ਹੈ। ਹੈਰਾਨੀ ਹੈ ਕਿ ਕਈ ਵਾਹਨ ਚਾਲਕਾਂ ਨੂੰ ਕੰਡੇ ਦੀ ਪਰਚੀ ਦਿੱਤੀ ਜਾਂਦੀ ਹੈ, ਜਦਕਿ ਕਈਆਂ ਤੋਂ ਰਕਮ ਲੈਣ ਦੇ ਬਾਵਜੂਦ ਕੋਈ ਪਰਚੀ ਨਹੀਂ ਦਿੱਤੀ ਜਾਂਦੀ।
ਵਾਹਨ ਚਾਲਕਾਂ ਮੁਤਾਬਕ ਕੁਝ ਮਾਮਲਿਆਂ ਵਿੱਚ ‘ਮਲਟੀਪਲ ਪਰਚੀ’ ਦੀ ਆੜ ਵਿੱਚ ਕੰਡੇ ਸਮੇਤ 250 ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਹੈ। ਕੁਝ ਚਾਲਕਾਂ ਨੂੰ 50 ਰੁਪਏ ਦੀ ਕੰਡੇ ਦੀ ਪਰਚੀ ਦਿੱਤੀ ਗਈ, ਇਸ ਤੋਂ ਪਤਾ ਲੱਗਦਾ ਹੈ ਕਿ ਕੁੰਡੀ ਸਿੱਧੀ 50 ਰੁਪਏ ਲਾਈ ਜਾ ਰਹੀ ਹੈ।ਜਦਕਿ ਕੁਝ ਵਾਹਨ ਚਾਲਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਕੰਡੇ ਦੀ ਫੀਸ ਵਸੂਲਣ ਦੇ ਬਾਵਜੂਦ ਪਰਚੀ ਨਹੀਂ ਦਿੱਤੀ। ਇਸ ਕਾਰਨ ਵਸੂਲੀ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗੱਡੀ ਪਹਿਲਾਂ ਹੀ ਮੰਡੀ ਤੋਂ ਬਾਹਰ ਕਿਸੇ ਕੰਡੇ ’ਤੇ ਤੋਲ ਕਰਵਾ ਕੇ ਆਉਂਦੀ ਹੈ, ਤਾਂ ਮੰਡੀ ਅੰਦਰ ਮੁੜ ਤੋਲ ਕਰਵਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਸ ਦੇ ਬਾਵਜੂਦ ਮੰਡੀ ਵਿੱਚ ਕੰਡੇ ਦੀ ਫੀਸ ਵਸੂਲਣ ਦੇ ਦੋਸ਼ ਲੱਗ ਰਹੇ ਹਨ। ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਾਹਨ ਨੂੰ ਕੰਡੇ ਦੀ ਸੇਵਾ ਦਿੱਤੀ ਹੀ ਨਹੀਂ ਜਾਂਦੀ ਤਾਂ ਉਸ ਦੀ ਫੀਸ ਵਸੂਲਣ ਦਾ ਮਾਮਲਾ ਜਾਂਚ ਦਾ ਵਿਸ਼ਾ ਬਣਦਾ ਹੈ। ਇਸ ਦੇ ਨਾਲ ਹੀ ਬਾਹਰੋਂ ਕਰਵਾਏ ਤੋਲ ਨੂੰ ਮੰਨਣ ਤੋਂ ਇਨਕਾਰ ਕਰਨ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।
ਵਾਹਨ ਚਾਲਕ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਸ ਤੋਂ ਪਾਰਕਿੰਗ ਦੀ ‘ਮਲਟੀਪਲ ਪਰਚੀ’ ਦੀ ਆੜ ਵਿੱਚ ਕੰਡੇ ਸਮੇਤ 250 ਰੁਪਏ ਵਸੂਲੇ ਗਏ। ਉਸ ਮੁਤਾਬਕ ਕਈ ਵਾਰ ਕੰਡੇ ਦੀ ਪਰਚੀ ਦਿੱਤੀ ਜਾਂਦੀ ਹੈ, ਜਦਕਿ ਕਈ ਵਾਰ ਪੈਸੇ ਲੈਣ ਦੇ ਬਾਵਜੂਦ ਪਰਚੀ ਨਹੀਂ ਦਿੱਤੀ ਜਾਂਦੀ।
ਵਾਹਨ ਚਾਲਕ ਮਹਿੰਦਰ ਅਤੇ ਉੱਚੇ ਪਿੰਡ ਤੋਂ ਆਏ ਇੱਕ ਹੋਰ ਚਾਲਕ ਨੇ ਵੀ ਦੱਸਿਆ ਕਿ ਉਨ੍ਹਾਂ ਤੋਂ 250 ਰੁਪਏ ਵਸੂਲ ਕੇ 50 ਰੁਪਏ ਦੀ ਕੰਡੇ ਦੀ ਪਰਚੀ ਦਿੱਤੀ ਗਈ। ਦੂਜੇ ਪਾਸੇ ਵਾਹਨ ਚਾਲਕ ਮਨੀਸ਼ ਨੇ ਦੱਸਿਆ ਕਿ ਉਸ ਤੋਂ ਵੀ ਪਾਰਕਿੰਗ ਅਤੇ ਕੰਡੇ ਦੇ ਨਾਂ ’ਤੇ 250 ਰੁਪਏ ਲਏ ਗਏ, ਪਰ ਉਸਨੂੰ ਕੰਡੇ ਦੀ ਕੋਈ ਪਰਚੀ ਨਹੀਂ ਦਿੱਤੀ ਗਈ।
ਹੁਣ ਸਵਾਲ ਹੈ ਕਿ ਮੰਡੀ ’ਚ ‘ਮਲਟੀਪਲ ਪਰਚੀ’ ਦੇ ਨਾਂ ’ਤੇ ਵਸੂਲੀ ਕਿਸ ਨਿਯਮ ਤਹਿਤ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵਾਹਨ ਨੂੰ ਕੰਡੇ ਦੀ ਸੇਵਾ ਨਹੀਂ ਦਿੱਤੀ ਜਾਂਦੀ, ਤਾਂ ਉਸ ਤੋਂ ਕੰਡੇ ਦੀ ਫੀਸ ਕਿਉਂ ਲਈ ਜਾ ਰਹੀ ਹੈ। ਵਾਹਨ ਚਾਲਕਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਵਸੂਲੀ ਦੀ ਪੂਰੀ ਪ੍ਰਕਿਰਿਆ ਸਪੱਸ਼ਟ ਕਰਨ ਤੇ ਹਰ ਵਸੂਲੀ ਦੀ ਬਾਕਾਇਦਾ ਰਸੀਦ ਦੇਣ ਦੀ ਮੰਗ ਕੀਤੀ ਹੈ।
-ਬਾਕਸ-
-ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਾਂਗੇ : ਖੰਗੂੜਾ
ਇਸ ਮਾਮਲੇ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਕੋਲ ‘ਮਲਟੀਪਲ ਪਰਚੀ’ ਦੇ ਨਾਂ ’ਤੇ ਹੋ ਰਹੀ ਵਸੂਲੀ ਦਾ ਮੁੱਦਾ ਚੁੱਕਿਆ ਸੀ, ਤਾਂ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਤੇ ਵਸੂਲੀ ’ਤੇ ਨੱਥ ਪਾਉਣ ਦਾ ਭਰੋਸਾ ਦਿੱਤਾ ਗਿਆ ਸੀ। ਹਾਲਾਂਕਿ ਵਾਹਨ ਚਾਲਕਾਂ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਨਾਜਾਇਜ਼ ਵਸੂਲੀ ਦਾ ਸਿਲਸਿਲਾ ਜਾਰੀ ਹੈ।
-ਨਾਜਾਇਜ਼ ਵਸੂਲੀ ਨੂੰ ਪਾਵਾਂਗੇ ਨੱਥ : ਗਿੱਲ
ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਮਲਟੀਪਲ ਪਾਰਕਿੰਗ ਦੀ ਆੜ ਵਿੱਚ ਕੰਡੇ ਦੀ ਫੀਸ ਵਸੂਲਣ ਤੇ ਪਰਚੀ ਨਾ ਦੇਣ ਦੇ ਮਾਮਲੇ ਦੀ ਉਹ ਖ਼ੁਦ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਵਸੂਲੀ ਹੋ ਰਹੀ ਹੈ ਤਾਂ ਉਸ ’ਤੇ ਨੱਥ ਪਾਵਾਂਗੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇਗੀ।