- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿੰਨੂ ਦੀ ਫਸਲ ਅਤੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਖੇਤ ਦਿਵਸ ਮਨਾਇਆ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਫਲ ਵਿਗਿਆਨ ਵਿਭਾਗ ਵੱਲੋਂ ਐੱਮਐੱਸ ਰੰਧਾਵਾ ਫਲ ਖੋਜ ਕੇਂਦਰ ਗੰਗੀਆਂ ਵਿਖੇ ਕਿੰਨੂ ਦੀ ਕਾਸ਼ਤ ਤੇ ਖੇਤੀ ਰਸਾਇਣਾਂ ਬਾਰੇ ਇੱਕ ਰੋਜ਼ਾ ਖੇਤ ਦਿਵਸ ਮਨਾਇਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਅਨੁਸੂਚਿਤ ਜਾਤੀਆਂ ਲਈ ਉਪਯੋਜਨਾ ਤਹਿਤ ਕਰਵਾਏ ਖੇਤ ਦਿਵਸ ਦਾ ਮੰਤਵ ਕਿੰਨੂ ਦੀ ਫ਼ਸਲ ਤੇ ਪ੍ਰਬੰਧਨ ਬਾਰੇ ਬਾਗ਼ਬਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਵਿੱਚ ਕੁੱਲ 15 ਕਿੰਨੂ ਕਾਸ਼ਤਕਾਰ ਸ਼ਾਮਲ ਹੋਏ। ਮਾਹਿਰਾਂ ਨੇ ਭਾਗ ਲੈਣ ਵਾਲੇ ਕਿਸਾਨਾਂ ਨੂੰ ਬਾਗਬਾਨੀ ਦੇ ਨਵੇਂ ਨੁਕਤਿਆਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਫਲ ਰੋਗ ਮਾਹਿਰ ਡਾ. ਅਨੀਤਾ ਅਰੋੜਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਇਸ ਖੇਤ ਦਿਵਸ ਦੀ ਮਹੱਤਤਾ ਦੇ ਨਾਲ-ਨਾਲ ਪੀਏਯੂ. ਵੱਲੋਂ ਕਿੰਨੂ ਦੀ ਕਾਸ਼ਤ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ। ਤਕਨੀਕੀ ਸੈਸ਼ਨ ਦੌਰਾਨ ਡਾ. ਯੋਗੇਸ਼ ਖੋਖਰ ਨੇ ਪੰਜਾਬ ਦੇ ਅਰਧ ਪਹਾੜੀ ਖੇਤਰਾਂ ਵਿੱਚ ਕਿੰਨੂ ਦੀ ਕਾਸ਼ਤ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਇਸ ਦੌਰਾਨ ਕਿੰਨੂ ਦੀਆਂ ਕਿਸਮਾਂ, ਪੋਸ਼ਣ ਪ੍ਰਬੰਧਨ, ਸਿੰਚਾਈ ਤੇ ਕਾਸ਼ਤ ਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਅਨੀਤਾ ਅਰੋੜਾ ਨੇ ਫਲਾਂ ਦੇ ਕੇਰੇ ਦੇ ਨਾਲ-ਨਾਲ ਪੂਰਾ ਸਾਲ ਕਿੰਨੂ ਕਾਸ਼ਤਕਾਰਾਂ ਦੇ ਛਿੜਕਾਅ ਪ੍ਰਬੰਧਨ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਅਰੋੜਾ ਨੇ ਇਸ ਦੌਰਾਨ ਪੀਏਯੂ. ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਫਲ ਵਿਗਿਆਨੀ ਡਾ. ਸੁਮਨਜੀਤ ਕੌਰ ਨੇ ਇਸ ਖੇਤ ਦਿਵਸ ਦਾ ਸੰਚਾਲਨ ਕਰਦਿਆਂ ਕਿਸਾਨਾਂ ਤੇ ਮਾਹਿਰਾਂ ਵਿਚਕਾਰ ਸੰਵਾਦ ਚਲਾਇਆ। ਮਾਹਿਰਾਂ ਨੇ ਕਿਸਾਨਾਂ ਦੇ ਸਮੂਹ ਸਵਾਲਾਂ ਦੇ ਜਵਾਬ ਵਿਗਿਆਨਕ ਧਾਰਨਾਵਾਂ ਦੀ ਰੌਸ਼ਨੀ ’ਚ ਦਿੱਤੇ। ਡਾ. ਸੁਮਨਜੀਤ ਕੌਰ ਨੇ ਹੀ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਕਾਸ਼ਤਕਾਰਾਂ ਨੂੰ ਵਿਸ਼ੇ ਨਾਲ ਸਬੰਧਿਤ ਖੇਤੀ ਸਾਹਿਤ ਤੇ ਕਿਤਾਬਚੇ ਵੰਡੇ।