- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦਫ਼ਤਰ ਦਾ ਘਿਰਾਓ ਸਿਰਫ਼ ਸਿਆਸੀ ਡਰਾਮਾ-ਗੋਸ਼ਾ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪੁੱਜੇ ‘ਆਪ’ ਦੇ ਆਗੂਆਂ ’ਤੇ ਭਾਜਪਾ ਦੇ ਸੀਨੀਅਰ ਆਗੂ ਤੇ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਪਲਟਵਾਰ ਕਰਦਿਆ ਕਿਹਾ ਕਿ ਸੂਬੇ ’ਚ ਸਰਕਾਰ ਹੋਣ ਦੇ ਬਾਵਜੂਦ ‘ਆਪ’ ਦੇ ਆਗੂ ਆਪਣੇ ਪ੍ਰਦਰਸ਼ਨ ਲਈ 50 ਲੋਕ ਵੀ’ਕੱਠੇ ਨਹੀਂ ਕਰ ਸਕੇ। ਸਪੱਸ਼ਟ ਹੈ ਕਿ ਪੰਜਾਬ ਦੀ ਜਨਤਾ ਦਾ ‘ਆਪ’ ਤੋਂ ਮੋਹ ਭੰਗ ਹੋ ਚੁੱਕਾ ਹੈ। ਭਾਜਪਾ ਆਗੂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਹੁੰਦਿਆਂ ਵੀ ਮੁੱਠੀ ਭਰ ਲੋਕਾਂ ਨਾਲ ਭਾਜਪਾ ਦਫ਼ਤਰ ਦਾ ਘਿਰਾਓ ਕਰਨਾ ਸਿਰਫ਼ ਸਿਆਸੀ ਡਰਾਮੇਬਾਜ਼ੀ ਹੈ। ‘ਆਪ’ ਲੀਡਰਸ਼ਿਪ ਨੂੰ ਪਹਿਲਾਂ ਪੰਜਾਬ ਦੀ ਕਾਨੂੰਨ-ਵਿਵਸਥਾ, ਨਸ਼ਿਆਂ ਦੇ ਫੈਲਾਅ, ਬੇਰੁਜ਼ਗਾਰੀ ਅਤੇ ਸੂਬੇ ’ਤੇ ਵੱਧ ਰਹੇ ਕਰਜ਼ੇ ਬਾਰੇ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ। ਜੇਕਰ ‘ਆਪ’ ਆਗੂ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਕਾਂਗਰਸ ਦੇ ਇਤਿਹਾਸ ਨੂੰ ਲੈ ਕੇ ਉਂਗਲ ਚੁੱਕਦੇ ਰਹੇ ਹਨ ਤਾਂ ਫਿਰ ਸਿਆਸੀ ਸੱਤਾ ਦੀ ਖਾਤਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਾਂਗਰਸ ਨਾਲ ਗੱਠਜੋੜ ਕਿਉਂ ਕੀਤਾ? ਉਨ੍ਹਾਂ ਕਿਹਾ ਕਿ ‘ਆਪ’ ਲੀਡਰਸ਼ਿਪ ਨੂੰ ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਗੋਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ 1984 ਦੰਗਿਆਂ ਨਾਲ ਜੁੜੇ ਮਾਮਲਿਆਂ ਵਿੱਚ ਕਾਰਵਾਈ ਅੱਗੇ ਵਧੀ ਅਤੇ ਸਿੱਖ ਵਿਰਾਸਤ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਮਿਲਿਆ। ਉਨ੍ਹਾਂ ਕਰਤਾਰਪੁਰ ਕੌਰੀਡੋਰ, ਕਾਲੀ ਸੂਚੀ ਦੇ ਮਾਮਲਿਆਂ ’ਤੇ ਕਦਮ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਭਾਜਪਾ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਸਿਆਸੀ ਫ਼ੈਸਲਿਆਂ ਦਾ ਹਿਸਾਬ ਪੰਜਾਬ ਦੀ ਜਨਤਾ ਨੂੰ ਦੇਣ।