- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸਟਰ ਅਤੇ ਮਿਸ ਫਰੈਸ਼ਰ ਦਾ ਕੀਤਾ ਸਨਮਾਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੇ ਬਾਇਓਕਮਿਸਟਰੀ ਵਿਭਾਗ ਵੱਲੋਂ ਸੱਭਿਆਚਾਰਕ ਸਮਾਗਮ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਕਾਨਫਰੰਸ ਹਾਲ ਵਿੱਚ ਕਰਵਾਇਆ। ਇਸ ਮੌਕੇ ਵਿਭਾਗ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ’ਚ ਰੰਗਾਰੰਗ ਵੰਨਗੀਆਂ ਪੇਸ਼ ਹੋਈਆਂ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਪੀਏਯੂ ਦੀ ਸੱਭਿਆਚਾਰਕ ਵਿਰਾਸਤ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਬਿਹਤਰ ਮਨੁੱਖ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਡਾ. ਕਿਰਨ ਬੈਂਸ ਨੇ ਸਮੁੱਚੇ ਵਿਦਿਆਰਥੀਆਂ ਨੂੰ ਆਪਣੇ ਵਿਭਾਗ ਦੇ ਨਵੇਂ ਤੇ ਪੁਰਾਣੇ ਸਿਖਿਆਰਥੀਆਂ ਵਿਚਾਲੇ ਸੁਹਿਰਦ ਰਿਸ਼ਤਾ ਬਣਾਉਣ ਦੀ ਅਪੀਲ ਕੀਤੀ। ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਸਤਵੀਰ ਕੌਰ ਗਰੇਵਾਲ ਨੇ ਵਿਭਾਗ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੰਮੀ ਅਕਾਦਮਿਕ ਪਰੰਪਰਾ ਤੋਂ ਜਾਣੂੰ ਕਰਵਾਇਆ। ਬਾਇਓਕੈਮੀਕਲ ਕਲੱਬ ਦੇ ਪ੍ਰਧਾਨ ਡਾ. ਸ਼ਿਲਪਾ ਨੇ ਕਈ ਸੱਭਿਆਚਾਰਕ ਗਤੀਵਿਧੀਆਂ ਦਾ ਸੰਚਾਲਨ ਕੀਤਾ ਤੇ ਨਵੇਂ ਵਿਦਿਆਰਥੀਆਂ ਨੂੰ ਉਸਦਾ ਹਿੱਸਾ ਬਣਾਇਆ। ਡਾ. ਮਨਪ੍ਰੀਤ ਕੌਰ ਨੇ ਵੀ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ। ਬਾਇਓਕੈਮੀਕਲ ਕਲੱਬ ਦੇ ਵਿਦਿਆਰਥੀਆਂ ’ਚੋਂ ਹੀ ਅਹੁਦੇਦਾਰ ਚੁਣਨ ਦੀ ਰਸਮ ਨਿਭਾਈ ਗਈ। ਕਲੱਬ ਦੇ ਵਿਦਿਆਰਥੀ ਪ੍ਰਧਾਨ ਹਰਜੀਤ ਕੌਰ ਨੇ ਨਵੇਂ ਬੈਚ ਦੇ ਸਵਾਗਤ ਲਈ ਕੁੱਝ ਸ਼ਬਦ ਕਹੇ। ਵਿਦਿਆਰਥੀਆਂ ਵਿੱਚੋਂ ਹੀ ਮਿਸਟਰ ਤੇ ਮਿਸ ਫਰੈੱਸ਼ਰ ਚੁਣ ਕੇ ਉਨ੍ਹਾਂ ਨੂੰ ਪੁਰਸਕਾਰ ਦਿੱਤੇ। ਸਮਾਗਮ ਦਾ ਸੰਚਾਲਨ ਨਵਰੀਤ ਕੌਰ ਤੇ ਗੀਤਿਕਾ ਨੇ ਕੀਤਾ। ਅੰਤ ’ਚ ਧੰਨਵਾਦ ਦੇ ਸ਼ਬਦ ਡਾ. ਗੁਰਕੰਵਲ ਕੌਰ ਨੇ ਕਹੇ।