
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਹੁਲ ਗਾਂਧੀ ’ਤੇ ਪਰਚਾ ਕਰਨਾ ਮੰਦਭਾਗਾ-ਐਡਵੋਕੇਟ ਧਾਲੀਵਾਲ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਭਾਮੀਆਂ ਕਲਾਂ
ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਰਆਈ ਦਰਜ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਉਸ ਘਟਨਾ ਖ਼ਿਲਾਫ਼ ਆਵਾਜ਼ ਚੁੱਕੀ ਹੈ ਜਿੱਥੇ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਦਲਿਤ ਸਮਾਜ ਨਾਲ ਸਬੰਧਤ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਵਰਤੇ ਗਏ ਮੰਚ ਦਾ ਉਨ੍ਹਾਂ ਦੇ ਜਾਣ ਤੋਂ ਬਾਅਦ ‘ਸ਼ੁੱਧੀਕਰਨ’ ਕੀਤਾ ਗਿਆ। ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਇੱਕ ਦਲਿਤ ਆਗੂ ਦੇ ਮੰਚ ’ਤੇ ਜਾਣ ਤੋਂ ਬਾਅਦ ਉਸ ਦਾ ‘ਸ਼ੁੱਧੀਕਰਨ’ ਕੀਤਾ ਜਾਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਇਹ ਦਲਿਤ ਸਮਾਜ ਅਤੇ ਸੰਵਿਧਾਨ ਦੇ ਬਰਾਬਰੀ ਦੇ ਸਿਧਾਂਤ ਦਾ ਅਪਮਾਨ ਹੈ। ਅੱਜ ਵੀ ਜੇਕਰ ਕਿਸੇ ਵਿਅਕਤੀ ਦੀ ਜਾਤੀ ਦੇ ਆਧਾਰ ’ਤੇ ਉਸ ਦੀ ਛੋਹ ਜਾਂ ਮੌਜੂਦਗੀ ਨੂੰ ‘ਅਸ਼ੁੱਧ’ ਮੰਨਿਆ ਜਾਂਦਾ ਹੈ ਤਾਂ ਇਹ ਸਮਾਜ ਲਈ ਬੇਹੱਦ ਸ਼ਰਮਨਾਕ ਗੱਲ ਹੈ। ਆਵਾਜ਼ ਨੂੰ ਐੱਫਆਰਆਈ ਰਾਹੀਂ ਦਬਾਉਣ ਦੀ ਕੋਸ਼ਿਸ਼ ਲੋਕਤੰਤਰ ਲਈ ਮੰਦਭਾਗੀ ਹੈ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਸਵਾਲ ਇਹ ਨਹੀਂ ਕਿ ਰਾਹੁਲ ਗਾਂਧੀ ਨੇ ਇਸ ਮੁੱਦੇ ’ਤੇ ਆਵਾਜ਼ ਕਿਉਂ ਉਠਾਈ ਹੈ,ਸਵਾਲ ਇਹ ਹੈ ਕਿ ਅੱਜ ਦੇ ਭਾਰਤ ਵਿੱਚ ਇੱਕ ਦਲਿਤ ਆਗੂ ਦੇ ਵਰਤੇ ਮੰਚ ਦਾ ‘ਸ਼ੁੱਧੀਕਰਨ’ ਕਰਨ ਦੀ ਨੌਬਤ ਇਸ ਲਈ ਆਈ ਕਿਉਂਕਿ ਊਚ-ਨੀਚ, ਜਾਤ-ਪਾਤ ਤੇ ਧਰਮ ਦੀ ਸਿਆਸਤ ਕਰਨਾ ਹੀ ਭਾਜਪਾ ਦੀ ਫਿਤਰਤ ਹੈ। ਉਨ੍ਹਾਂ ਮੰਗ ਕੀਤੀ ਕਿ ਰਾਹੁਲ ਗਾਂਧੀ ਖ਼ਿਲਾਫ਼ ਦਰਜ ਪਰਚਾ ਤੁਰੰਤ ਵਾਪਸ ਲਿਆ ਜਾਵੇ।