ਐੱਸਕੇਐੱਮ ਦੇ ਲਗਾਤਾਰ ਧਰਨੇ ਦੀ ਤਿਆਰੀ ਮੁਕੰਮਲ : ਰਾਜਵੀਰ ਸਿੰਘ ਐਸਕੇਐਮ ਦੇ ਲਗਾਤਾਰ ਧਰਨੇ ਦੀਆਂ ਤਿਆਰੀਆਂ ਮੁਕੰਮਲ- ਰਾਜਵੀਰ ਸਿੰਘ
Publish Date: Mon, 31 Aug 2026 08:19 PM (IST)
Updated Date: Tue, 01 Sep 2026 04:04 AM (IST)
25 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਵਿੱਚ 1 ਸਤੰਬਰ ਤੋਂ ਲਗਾਤਾਰ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।” ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕਹੇ। ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 7 ਸਤੰਬਰ ਤੱਕ ਚੱਲਣ ਵਾਲੇ ਧਰਨੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਤੇ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋ ਆਪਸੀ ਏਕਤਾ ਦਾ ਫ਼ੈਸਲਾ ਕੀਤਾ ਗਿਆ ਹੈ। ਏਕਤਾ ਦੇ ਅਮਲ ਨੂੰ ਨੇਪਰੇ ਚਾੜਨ ਲਈ 20-21 ਸਤੰਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਦੇਸ਼ ਪੱਧਰੀ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿੱਚ ਦੇਸ਼ ਭਰ ਤੋ ਸੈਂਕੜੇ ਡੈਲੀਗੇਟ ਭਾਗ ਲੈਣਗੇ। ਉਹਨਾਂ ਦੱਸਿਆ ਕਿ 20 ਸਤੰਬਰ ਨੂੰ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਇਸ ਕਾਨਫਰੰਸ ਦਾ ਆਰੰਭ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਜ਼ੋਰਾਂ ਉੱਪਰ ਚੱਲ ਰਹੀਆਂ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਸੀਲੋ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਚੰਡੀਗੜ੍ਹ ਦਾ ਧਰਨਾ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਪਾਣੀਆਂ ਦੀ ਰਾਖੀ ਲਈ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਖੇਤੀ ਯੋਗ ਜ਼ਮੀਨਾਂ ਨੂੰ ਬਚਾਉਣ ਵਿੱਚ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਇਹ ਧਰਨਾ ਕਿਸਾਨਾਂ ਦੀ ਤਾਕਤ ਨੂੰ ਹੋਰ ਵੀ ਬਲ ਪ੍ਰਦਾਨ ਕਰੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ, ਦਫ਼ਤਰ ਸਕੱਤਰ ਨਛੱਤਰ ਸਿੰਘ, ਗੁਰਜੀਤ ਸਿੰਘ ਆਸੀ ਕਲਾ, ਪਰਮਿੰਦਰ ਸਿੰਘ ਗਰੇਵਾਲ, ਜਸਕਰਨ ਸਿੰਘ ਗਰੇਵਾਲ, ਸਵਰਨਜੀਤ ਸਿੰਘ ਜੜਤੌਲੀ, ਸੁਖਦੇਵ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।