
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਹਾਦਰਕੇ ਰੋਡ ਸਬਜ਼ੀ ਮੰਡੀ ’ਚ ਪਲਾਸਟਿਕ ਦੀਆਂ ਕਰੇਟਾਂ ਦਾ ‘ਪਹਾੜ’

-ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਵਾਲ, ਵਸੂਲੀ ਵੱਲ ਧਿਆਨ, ਸੁਰੱਖਿਆ ਪ੍ਰਬੰਧਾਂ ਦੀ ਅਣਦੇਖੀ ਦਾ ਦੋਸ਼
ਫੋਟੋ ਨੰਬਰ-34
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਥਾਂ-ਥਾਂ ਬੇਤਰਤੀਬੇ ਢੰਗ ਨਾਲ ਪਈਆਂ ਪਲਾਸਟਿਕ ਦੀਆਂ ਕਰੇਟਾਂ ਦੇ ਢੇਰਾਂ ਨੇ ਮੰਡੀ ਵਿੱਚ ਆਉਣ ਵਾਲੇ ਆੜ੍ਹਤੀਆਂ, ਵਪਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਤ ਇਹ ਹਨ ਕਿ ਜੇਕਰ ਸਮੇਂ ਸਿਰ ਇਨ੍ਹਾਂ ਕਰੇਟਾਂ ਨੂੰ ਸਹੀ ਢੰਗ ਨਾਲ ਨਾ ਹਟਾਇਆ ਗਿਆ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਪਈਆਂ ਪਲਾਸਟਿਕ ਦੀਆਂ ਕਰੇਟਾਂ ਨਾ ਸਿਰਫ਼ ਰਸਤੇ ਅਤੇ ਖੁੱਲ੍ਹੀਆਂ ਥਾਵਾਂ ਨੂੰ ਘੇਰ ਰਹੀਆਂ ਹਨ, ਸਗੋਂ ਇਨ੍ਹਾਂ ਦੇ ਬੇਤਰਤੀਬੇ ਢੇਰ ਕਿਸੇ ਵੀ ਸਮੇਂ ਡਿੱਗ ਕੇ ਲੋਕਾਂ ਲਈ ਖ਼ਤਰਾ ਬਣ ਸਕਦੇ ਹਨ।
ਇਸ ਤੋਂ ਇਲਾਵਾ ਮੰਡੀ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਇਹ ਕਰੇਟਾਂ ਹਾਦਸਿਆਂ ਦਾ ਕਾਰਨ ਬਣਨ ਦਾ ਖ਼ਤਰਾ ਵੀ ਪੈਦਾ ਕਰ ਰਹੀਆਂ ਹਨ। ਮੰਡੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਲਾਸਟਿਕ ਦੀਆਂ ਕਰੇਟਾਂ ਕਾਰਨ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਇਨ੍ਹਾਂ ਵਿੱਚ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਬਜਾਏ ਕਰੇਟਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਇਸ ਕਾਰਨ ਸਵਾਲ ਉੱਠਦਾ ਹੈ ਕਿ ਮਾਰਕੀਟ ਕਮੇਟੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ? ਮੰਡੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਹੈ ਕਿ ਮਾਰਕੀਟ ਕਮੇਟੀ ਵੱਲੋਂ ਪਲਾਸਟਿਕ ਦੀਆਂ ਕਰੇਟਾਂ ਲਈ ਵੱਖਰਾ ਨਿਰਧਾਰਤ ਸਥਾਨ ਅਤੇ ਸਟੋਰੇਜ ਦੀ ਵਿਵਸਥਾ ਕੀਤੀ ਜਾਵੇ।
ਜੇਕਰ ਕਰੇਟਾਂ ਨੂੰ ਰਸਤਿਆਂ ਅਤੇ ਆਮ ਆਵਾਜਾਈ ਵਾਲੀਆਂ ਥਾਵਾਂ ’ਤੇ ਸੁੱਟਣ ਦੀ ਬਜਾਏ ਇੱਕ ਨਿਰਧਾਰਤ ਥਾਂ ’ਤੇ ਰੱਖਿਆ ਜਾਵੇ ਤਾਂ ਹਾਦਸਿਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ-ਜਾਂਦੇ ਹਨ। ਅਜਿਹੇ ਵਿੱਚ ਸੁਰੱਖਿਆ ਨਾਲ ਸਮਝੌਤਾ ਕਰਨਾ ਕਿਸੇ ਵੀ ਕੀਮਤ ’ਤੇ ਠੀਕ ਨਹੀਂ। ਮੰਡੀ ਦੇ ਲੋਕਾਂ ਵਿੱਚ ਇਹ ਚਰਚਾ ਵੀ ਹੈ ਕਿ ਮਾਰਕੀਟ ਕਮੇਟੀ ਵੱਲੋਂ ਫੀਸਾਂ ਅਤੇ ਹੋਰ ਵਸੂਲੀਆਂ ਵੱਲ ਤਾਂ ਪੂਰਾ ਧਿਆਨ ਦਿੱਤਾ ਜਾਂਦਾ ਹੈ, ਪਰ ਮੰਡੀ ਵਿੱਚ ਸੁਰੱਖਿਆ ਅਤੇ ਵਿਵਸਥਾ ਬਣਾਈ ਰੱਖਣ ਵੱਲ ਉਨੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ।ਜੇਕਰ ਮਾਰਕੀਟ ਕਮੇਟੀ ਵਸੂਲੀ ਕਰਦੀ ਹੈ ਤਾਂ ਕੀ ਮੰਡੀ ਦੀ ਸੁਰੱਖਿਆ ਅਤੇ ਸੁਚੱਜੀ ਵਿਵਸਥਾ ਕਰਨਾ ਵੀ ਉਸਦੀ ਜ਼ਿੰਮੇਵਾਰੀ ਨਹੀਂ?
ਬਹਾਦਰਕੇ ਰੋਡ ਸਬਜ਼ੀ ਮੰਡੀ ਵਿੱਚ ਪਲਾਸਟਿਕ ਦੀਆਂ ਕਰੇਟਾਂ ਦੀ ਵਧਦੀ ਗਿਣਤੀ ਹੁਣ ਸਿਰਫ਼ ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਸੁਰੱਖਿਆ ਦਾ ਗੰਭੀਰ ਮੁੱਦਾ ਬਣ ਚੁੱਕੀ ਹੈ। ਜੇਕਰ ਸਮੇਂ ਸਿਰ ਇਨ੍ਹਾਂ ਦੇ ਢੇਰਾਂ ਨੂੰ ਹਟਾ ਕੇ ਨਿਰਧਾਰਤ ਥਾਂ ’ਤੇ ਰੱਖਣ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਵਾਪਰਨ ਵਾਲੇ ਕਿਸੇ ਵੀ ਹਾਦਸੇ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ, ਇਹ ਵੱਡਾ ਸਵਾਲ ਹੈ।
ਲੋਕਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਮੰਡੀ ਵਿੱਚ ਪਈਆਂ ਪਲਾਸਟਿਕ ਦੀਆਂ ਕਰੇਟਾਂ ਲਈ ਪੱਕੀ ਤੇ ਵਿਵਸਥਿਤ ਜਗ੍ਹਾ ਬਣਾਈ ਜਾਵੇ।