
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਪਰਮਿੰਦਰ ਸਿੰਘ ਵੈਟਰਨਰੀ ਯੂਨੀਵਰਸਿਟੀ ਤੋਂ ਹੋਏ ਸੇਵਾਮੁਕਤ

-33 ਸਾਲ ਦੇ ਕਰੀਅਰ ਦੌਰਾਨ ਵਿਦਿਆਰਥੀਆਂ ਦਾ ਕੀਤਾ ਮਾਰਗਦਰਸ਼ਨ
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਡਾ. ਪਰਮਿੰਦਰ ਸਿੰਘ ਜੋ ਕਿ ਪਸ਼ੂ ਖੁਰਾਕ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਸ਼ਖਸੀਅਤ ਹਨ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ , ਲੁਧਿਆਣਾ ਤੋਂ ਬਤੌਰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ 31 ਅਗਸਤ 2026 ਨੂੰ ਸੇਵਾਮੁਕਤ ਹੋ ਗਏ। ਡਾ. ਪਰਮਿੰਦਰ ਸਿੰਘ ਨੇ 1988, 1991 ਤੇ 2003 ਵਿੱਚ ਪੀਏਯੂ, ਲੁਧਿਆਣਾ ਤੋਂ ਕ੍ਰਮਵਾਰ ਪਸ਼ੂ ਵਿਗਿਆਨ ਵਿੱਚ ਬੀਐਸਸੀ. ਐਗਰੀ. (ਆਨਰਜ਼), ਪਸ਼ੂ ਨਿਊਟ੍ਰੀਸ਼ਨ ਵਿੱਚ ਐਮਐਸਸੀ. ਅਤੇ ਪੀਐਚਡੀ. ਕੀਤੀ। ਉਨ੍ਹਾਂ 1991-93 ਵਿੱਚ ਮੈਸਰਜ਼ ਫਾਈਜ਼ਰ ਲਿਮਿਟਿਡ ਮੁੰਬਈ ਦੀ ਨੁਮਾਇੰਦਗੀ ਕਰਦਿਆਂ ਇੱਕ ਵੈਟਰਨਰੀ ਸੇਵਾ ਅਧਿਕਾਰੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਮਾਰਚ 1993 ਵਿੱਚ ਪੀਏਯੂ ਲੁਧਿਆਣਾ ’ਚ ਕਾਰਜ ਸ਼ੁਰੂ ਕੀਤਾ। ਉਨ੍ਹਾਂ ਦੀ ਮੁੱਖ ਭੂਮਿਕਾ ਡੇਅਰੀ, ਪੋਲਟਰੀ, ਸੂਰ ਤੇ ਬੱਕਰੀ ਕਿਸਾਨਾਂ ਨੂੰ ਪਸ਼ੂ ਖੁਰਾਕ ਵਿੱਚ ਨਵੀਨਤਮ ਤਕਨਾਲੋਜੀਆਂ ਅਪਣਾਉਣ ਲਈ ਜਾਗਰੂਕ ਕਰਨਾ ਸੀ। ਵੈਟਰਨਰੀ ’ਵਰਸਿਟੀ ਦੇ ਵੱਖ-ਵੱਖ ਕਿਸਾਨ ਸੰਗਠਨ ਹਨ ਜੋ ਇਸਦੇ ਅਧੀਨ ਕੰਮ ਕਰਦੇ ਹਨ, ਜੋ ਮਾਸਿਕ/ਦੋ-ਮਾਸਿਕ ਸੈਮੀਨਾਰ ਕਰਵਾਉਂਦੇ ਹਨ। ਉਹ ਅਜਿਹੀਆਂ ਮੀਟਿੰਗਾਂ ਦੇ ਸੰਯੋਜਕ ਵਜੋਂ ਕੰਮ ਕਰਦੇ ਸਨ ਤੇ ਅਕਸਰ ਸੰਤੁਲਿਤ ਫੀਡ ਤੇ ਫੀਡ ਤਕਨਾਲੋਜੀ 'ਤੇ ਤਕਨੀਕੀ ਭਾਸ਼ਣ ਦਿੰਦੇ ਸਨ। ਯੂਨੀਵਰਸਿਟੀ ਉਤਪਾਦਾਂ ਜਿਵੇਂ ਕਿ ਖਣਿਜ ਮਿਸ਼ਰਣ, ਯੂਰੋਮਿਨ ਲਿੱਕ, ਬਾਈ ਪਾਸ ਫੈਟ, ਸੀਐਮਟੀ ਕਿੱਟਾਂ, ਇਕ ਦਿਨ ਦੇ ਚੂਚੇ ਆਦਿ ਦੀ ਵਿਕਰੀ ਨੂੰ ਅਜਿਹੀਆਂ ਵੱਖ-ਵੱਖ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਉਤਸ਼ਾਹਿਤ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸਾਲ ਵਿੱਚ ਦੋ ਵਾਰ ਕੀਤੇ ਜਾਣ ਵਾਲੇ ਪਸ਼ੂ ਪਾਲਣ ਮੇਲਿਆਂ ਵਿੱਚ ਵੀ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹਿੰਦੀ ਸੀ, 33 ਸਾਲ ਦੇ ਕਰੀਅਰ ਦੌਰਾਨ ਉਨ੍ਹਾਂ 8 ਐਮਵੀਐਸਸੀ. ਅਤੇ 3 ਪੀਐੱਚਡੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਪੰਜਾਬ ਫੀਡ ਮਿੱਲਰਾਂ ਲਈ 32 ਪਸ਼ੂ ਫੀਡ ਨਿਰਮਾਣ ਕੋਰਸਾਂ ਦਾ ਤਾਲਮੇਲ ਕੀਤਾ ਤੇ 8 ਖੋਜ ਪ੍ਰੋਜੈਕਟਾਂ ਨੂੰ ਸੰਭਾਲਿਆ। ਉਨ੍ਹਾਂ 2021 ’ਚ ਐਸੋਸੀਏਟ ਡਾਇਰੈਕਟਰ ਕੇਵੀਕੇ, ਮੋਹਾਲੀ ਤੇ 2022 ਵਿੱਚ ਪਸ਼ੂ ਆਹਾਰ ਵਿਭਾਗ ਵਿੱਚ ਪ੍ਰਮੁੱਖ ਵਿਗਿਆਨੀ ਵਜੋਂ ਵੀ ਸੇਵਾ ਨਿਭਾਈ। ਅਕਾਦਮਿਕ ਪੜ੍ਹਾਈ ਤੋਂ ਇਲਾਵਾ ਉਹ ਇੱਕ ਜੋਸ਼ੀਲੇ ਕ੍ਰਿਕਟਰ ਵੀ ਹਨ ਤੇ 1985-86 ਵਿੱਚ ਪੀਏਯੂ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ, 1986-87 ਵਿੱਚ ਪੰਜਾਬ ਅੰਡਰ-22 ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਤੇ 1991 ਤੋਂ 2006 ਤੱਕ ਇੱਕ ਯੋਗ ਅੰਪਾਇਰ ਵਜੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਿੱਚ ਸੇਵਾ ਨਿਭਾਈ।