ਮਹਿੰਗਾਈ ਨੇ ਆਮ ਲੋਕਾਂ ਦਾ ਤੋੜਿਆ ਲੱਕ : ਸਰੀਂਹ
ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ-ਸਰੀਂਹ
Publish Date: Mon, 31 Aug 2026 06:54 PM (IST)
Updated Date: Tue, 01 Sep 2026 04:02 AM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਬਸਪਾ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਦੇਸ਼ ਅੰਦਰ ਲਗਾਤਾਰ ਵਧ ਰਹੀ ਮਹਿੰਗਾਈ ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਮਹਿੰਗਾਈ ਇਕ ਲਾਇਲਾਜ ਬਿਮਾਰੀ ਵਾਂਗ ਫੈਲ ਚੁੱਕੀ ਹੈ। ਇਸ ਕਾਰਨ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਚੁਣੌਤੀ ਬਣ ਗਿਆ ਹੈ, ਜਦਕਿ ਮੌਜੂਦਾ ਸਰਕਾਰਾਂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਅੱਖਾਂ ਬੰਦ ਕਰਕੇ ਬੈਠੀਆਂ ਹਨ। ਸਰੀਂਹ ਅਨੁਸਾਰ ਅੱਜ ਇੱਕ ਆਮ ਇਨਸਾਨ ਲਈ ਆਪਣਾ ਘਰ ਬਣਾਉਣਾ ਤਾਂ ਦੂਰ ਦੀ ਗੱਲ, ਰੋਜ਼ਾਨਾ ਦੇ ਖਰਚੇ ਪੂਰੇ ਕਰਨੇ ਵੀ ਮੁਸ਼ਕਿਲ ਹੋ ਗਏ ਹਨ। ਉਨ੍ਹਾਂ ਵਿਦੇਸ਼ੀ ਪ੍ਰਣਾਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਮਿਆਰੀ ਸਿੱਖਿਆ ਤੇ ਖਾਣ-ਪੀਣ ਵਾਲੀਆਂ ਬੁਨਿਆਦੀ ਚੀਜ਼ਾਂ ਬਹੁਤ ਹੀ ਸਸਤੀਆਂ ਜਾਂ ਮੁਫ਼ਤ ਦਿੰਦੀਆਂ ਹਨ, ਜਿਸ ਕਰਕੇ ਉੱਥੋਂ ਦੇ ਲੋਕ ਸੁਖਾਲਾ ਜੀਵਨ ਜਿਊਂਦੇ ਹਨ। ਦੇਸ਼ ਵਿੱਚ ਇਨ੍ਹਾਂ ਬੁਨਿਆਦੀ ਲੋੜਾਂ ਦਾ ਵਪਾਰੀਕਰਨ ਹੋ ਚੁੱਕਾ ਹੈ ਤੇ ਲੋਕਾਂ ਦੀ ਅੰਨ੍ਹੀ ਲੁੱਟ ਜਾਰੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੁਫ਼ਤਖੋਰੀ ਦੀਆਂ ਸਹੂਲਤਾਂ ਬੰਦ ਕਰਕੇ, ਦੇਸ਼ ਵਿੱਚ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਮੁਫ਼ਤ ਕੀਤਾ ਜਾਵੇ ਤੇ ਰਾਸ਼ਨ ਦੀਆਂ ਕੀਮਤਾਂ ਤੇ ਕੰਟਰੋਲ ਕੀਤਾ ਜਾਵੇ।