
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੁਮੈਨ ਇਨ ਮੈਡੀਸਿਨ ਐਂਡ ਅਲਾਈਡ ਸਪੈਸ਼ਲਿਟੀਜ਼ ਮੰਚ ਦਾ ਉਦਘਾਟਨ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਔਰਤਾਂ ਦੀ ਸਿਹਤ, ਡਾਕਟਰੀ ਖੇਤਰ ਵਿੱਚ ਕਿੱਤੇ ਦੇ ਵਿਕਾਸ ਅਤੇ ਔਰਤ-ਡਾਕਟਰਾਂ ਦੀ ਸਮੁੱਚੀ ਭਲਾਈ ਨੂੰ ਸਮਰਪਿਤ ਵੁਮੈਨ ਇਨ ਮੈਡੀਸਿਨ ਐਂਡ ਅਲਾਈਡ ਸਪੈਸ਼ਲਿਟੀਜ਼ (ਡਬਲਯੂਆਈਐੱਮਏ) ਦਾ ਰਸਮੀ ਉਦਘਾਟਨ ਲੁਧਿਆਣਾ ਦੇ ਇਕ ਹੋਟਲ ਵਿੱਚ ਕੀਤਾ, ਜਿਸ ਵਿੱਚ 60 ਤੋਂ ਵੱਧ ਔਰਤ-ਡਾਕਟਰ ਇੱਕ ਸਾਂਝੇ ਮੰਚ 'ਤੇ ਇਕੱਠੇ ਹੋਏ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੈਜ਼ੀਡੈਂਟ-ਇਲੈਕਟ ਡਾ. ਵੰਦਨਾ ਮਿੱਢਾ ਦੇ ਸਵਾਗਤੀ ਸੰਬੋਧਨ ਨਾਲ ਹੋਈ। ਡਬਲਊਆਈਐੱਮਏ ਦੀ ਸਥਾਪਨਾ ਔਰਤਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਔਰਤ ਡਾਕਟਰਾਂ ਦੀ ਸਰੀਰਕ, ਮਾਨਸਿਕ, ਸਮਾਜਿਕ ਤੇ ਕਿੱਤਾ ਭਲਾਈ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਡਬਲਯੂਆਈਐੱਮਏ ਦੀ ਸਰਪ੍ਰਸਤ ਡਾ. ਮੈਰੀ ਜੌਨ ਨੇ ਪ੍ਰੇਰਣਾਦਾਇਕ ਵਿਚਾਰ ਰੱਖਦਿਆਂ ਡਾਕਟਰੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਪ੍ਰਸਿੱਧ ਮਹਿਲਾ ਡਾਕਟਰਾਂ ਦੀਆਂ ਰੌਚਕ ਕਹਾਣੀਆਂ ਸਾਂਝੀਆਂ ਕੀਤੀਆਂ। ਵਿਗਿਆਨਕ ਸੈਸ਼ਨ ਵਿੱਚ ਡਾ. ਅਕਸ਼ਤਾ ਦੇਸਾਈ ਨੇ “ਔਰਤਾਂ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਮੋਟਾਪਾ” ਵਿਸ਼ੇ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਮੰਚ ਦੀ ਜਨਰਲ ਸਕੱਤਰ ਡਾ. ਭਾਰਤੀ ਅਗਰਵਾਲ ਨੇ ਕਿਹਾ ਕਿ ਔਰਤ-ਡਾਕਟਰਾਂ ਨੂੰ ਆਪਣੀਆਂ ਕਲੀਨਿਕਲ ਜ਼ਿੰਮੇਵਾਰੀਆਂ ਦੇ ਨਾਲ ਕਈ ਨਿੱਜੀ ਅਤੇ ਕਿੱਤੇ ਨਾਲ ਸਬੰਧਤ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸੰਯੁਕਤ ਸਕੱਤਰ ਡਾ. ਪ੍ਰੇਰਣਾ ਗੋਇਲ ਨੇ ਔਰਤਾਂ ਦੀ ਸਰੀਰਕ, ਭਾਵਨਾਤਮਕ, ਸਮਾਜਿਕ ਅਤੇ ਵਿੱਤੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਮੋਡੀਊਲ ਤਿਆਰ ਕਰਨ ਦਾ ਪ੍ਰਸਤਾਵ ਰੱਖਿਆ, ਤਾਂ ਜੋ ਡਾਕਟਰੀ ਖੇਤਰ ਵਿੱਚ ਵਿਗਿਆਨਕ ਸਬੂਤਾਂ ਦੇ ਨਾਲ ਸੰਵੇਦਨਸ਼ੀਲਤਾ ਅਤੇ ਹਮਦਰਦੀ ਨੂੰ ਵੀ ਮਹੱਤਵ ਦਿੱਤਾ ਜਾ ਸਕੇ। ਪ੍ਰੋਗਰਾਮ ਦੌਰਾਨ ਪ੍ਰੈਜ਼ੀਡੈਂਸ਼ੀਅਲ ਮੈਡਲੀਅਨ ਸੈਰੇਮਨੀ ਵੀ ਕਰਵਾਈ ਗਈ। ਇਸ ਮੌਕੇ ਮੰਚ ਦੀ ਪ੍ਰਧਾਨ ਡਾ. ਗੁਰਸ਼ਰਨ ਸਿੱਧੂ ਨੂੰ ਪ੍ਰੋਗਰਾਮ ਦੀ ਮੁੱਖ ਮਹਿਮਾਨ ਡਾ. ਗੀਤਾਂਜਲੀ ਪਵਾਰ, ਸੀਨੀਅਰ ਗੈਸਟਰੋਐਂਟਰੋਲੋਜਿਸਟ, ਸੀਐਮਸੀ ਲੁਧਿਆਣਾ ਵੱਲੋਂ ਪ੍ਰੈਜ਼ੀਡੈਂਸ਼ੀਅਲ ਮੈਡਲ ਪਹਿਨਾਇਆ ਗਿਆ। ਇਸ ਮੌਕੇ ਡਾ. ਮੈਰੀ ਜੌਨ ਵੀ ਮੌਜੂਦ ਸਨ। ਇਸ ਮੌਕੇ ਡਾ. ਗੁਰਸ਼ਰਨ ਸਿੱਧੂ ਨੇ ਮੰਚ ਬੋਰਡ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ ਅਤੇ ਮੰਚ ਦਾ ਉਦੇਸ਼ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਮੰਚ ਦੀ ਮੈਂਬਰਸ਼ਿਪ ਔਰਤ ਡਾਕਟਰਾਂ, ਅਲਾਈਡ ਸਪੈਸ਼ਲਿਸਟਸ, ਸੁਪਰ-ਸਪੈਸ਼ਲਿਸਟਸ ਅਤੇ ਪੋਸਟਗ੍ਰੈਜੂਏਟ ਰੈਜ਼ੀਡੈਂਟਸ ਲਈ ਉਪਲਬਧ ਹੋਵੇਗੀ।
ਇਸ ਮੌਕੇ ਮੰਚ ਵੱਲੋਂ ਡਾ. ਕਮਲਪ੍ਰੀਤ ਕੌਰ ਦੁਆਰਾ ਹੱਥ ਨਾਲ ਤਿਆਰ ਕੀਤੇ ਸੁੰਦਰ ਲੋਗੋ ਦਾ ਵੀ ਉਦਘਾਟਨ ਕੀਤਾ ਗਿਆ ਜਿਸ ਦੀ ਸੰਕਲਪਨਾ ਡਾ. ਪ੍ਰੇਰਣਾ ਗੋਇਲ ਅਤੇ ਡਾ. ਚੰਚਲ ਗੇਰਾ ਵੱਲੋਂ ਕੀਤੀ ਸੀ। ਇਸ ਮੌਕੇ ਡਾ. ਗੀਤਾਂਜਲੀ ਪਵਾਰ ਨੇ ਮੰਚ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੰਚ ਡਾਕਟਰੀ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਦੇ ਵਿਗਿਆਨਕ ਤੇ ਮਾਨਵੀ ਦੋਵਾਂ ਪੱਖਾਂ ਨੂੰ ਮਾਨਤਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਦੂਜੇ ਵਿਗਿਆਨਕ ਸੈਸ਼ਨ ਵਿੱਚ ਡਾ.ਸ਼ੀਬਾ ਟੱਕਰ ਛਾਬੜਾ , ਡਾ. ਮੋਨਿਕਾ ਬਾਂਸਲ ,ਡਾ. ਵੰਦਨਾ ਰਾਜਪੂਤ ਅਤੇ ਡਾ. ਰਿਸ਼ੂ ਡਾ. ਮੋਹਨਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।