
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬੀ ਲੇਖਕ ਮਹਿੰਦਰ ਸਿੰਘ ਦੋਸਾਂਝ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਫੋਟੋ ਨੰਬਰ-5
ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਸਫ਼ਲ ਕਿਸਾਨ, ਲਿਖਾਰੀ ਸਭਾ ਜਗਤਪੁਰ ਦੇ ਬਾਨੀ ਤੇ ਪੰਜਾਬੀ ਲੇਖਕ ਮਹਿੰਦਰ ਸਿੰਘ ਦੋਸਾਂਝ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ.ਗਿੱਲ ਨੇ ਦੱਸਿਆ ਕਿ ਮਹਿੰਦਰ ਸਿੰਘ ਦੋਸਾਂਝ ਦਾ ਜਨਮ 5 ਫਰਵਰੀ 1940 ਨੂੰ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੇ ਨਾਨਕੇ ਘਰ ਹੋਇਆ। ਸਕੂਲ ਦੀ ਰਸਮੀ ਸਿੱਖਿਆ ਤੋਂ ਲਾਂਭੇ ਰਹਿ ਕੇ ਹੀ ਉਸ ਬੁੱਧੀਮਾਨੀ ਤੇ ਗਿਆਨੀ ਪਾਸ ਕੀਤੀ। ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਦੇਸਾਂਝ ਨੇ ਸਾਹਿੱਤ ਸਿਰਜਣਾ ਦੇ ਨਾਲ ਨਾਲ ਅਗਾਂਹਵਧੂ ਖੇਤੀ ਕਰਕੇ ਵੀ ਅੰਤਰਰਾਸ਼ਟਰੀ ਪਛਾਣ ਬਣਾਈ। ਗਿਆਨ ਪ੍ਰਾਪਤੀ ਲਈ ਉਨ੍ਹਾਂ ਕਈ ਵਿਦੇਸ਼ ਯਾਤਰਾਵਾਂ ਕੀਤੀਆਂ। ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਹਾਸਲ ਹੈ। ਆਪ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ-ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਤੇ ਯਾਦਾਂ ਪਾਕਿਸਤਾਨ ਦੀਆਂ (ਸਫਰਨਾਮਾ) ਪ੍ਰਮੁੱਖ ਹਨ। ਮਹਿੰਦਰ ਸਿੰਘ ਦੋਸਾਂਝ ਨੇ ਸਾਹਿੱਤ, ਸਿੱਖਿਆ ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿਚ 1960 ਵਿਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ। ਮਹਿੰਦਰ ਸਿੰਘ ਦੋਸਾਂਝ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਂਦਿਆਂ ਗੁਰੂ ਨਾਨਕ ਦੇਵ ’ਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ ਨੇ ਕਿਹਾ ਕਿ ਉਹ ਅਸਲ ਅਰਥਾਂ ’ਚ ਕਰਮਯੋਗੀ ਸਨ। ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਕੇਐੱਸ ਔਲਖ, ਪਸਾਰ ਸਿੱਖਿਆ ਡਾ. ਐੱਸਐੱਸ ਗਿੱਲ, ਉੱਘੇ ਲੇਖਕ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਆਤਮਜੀਤ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਸਿੰਘ ਜੌਹਲ, ਸ਼ਮਸ਼ੇਰ ਸਿੰਘ ਸੰਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਅਜਮੇਰ ਸਿੱਧੂ, ਰਵਿੰਦਰ ਸਹਿਰਾਅ, ਕੁਲਦੀਪ ਸਿੰਘ ਸਰਾਂ ਤੇ ਬਲਦੇਵ ਸਿੰਘ ਢੀਂਡਸਾ ਨੇ ਵੀ ਦੋਸਾਂਝ ਦੇ ਸਦੀਵੀਂ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਵੀ ਅਫ਼ਸੋਸ ਦਾ ਪ੍ਰਗਟਾਵਾ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਮਹਿੰਦਰ ਸਿੰਘ ਦੋਸਾਂਝ ਦੇ ਦੇਹਾਂਤ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਤੀਬਾੜੀ ਵਿੱਚ ਨਵੀਆਂ ਪਿਰਤਾਂ ਪਾਉਣ, ਪੇਂਡੂ ਵਿਕਾਸ, ਵਾਤਾਵਰਨ ਅਤੇ ਸਮਾਜ ਸੇਵਾ ਨਾਲ ਜੁੜਿਆ ਅਗਾਂਹਵਧੂ ਪੰਜਾਬੀ ਬੋਲੀ, ਸਭਿਆਚਾਰ ਨੂੰ ਸਮਰਪਿਤ ਕਿਸਾਨ ਮਹਿੰਦਰ ਸਿੰਘ ਦੋਸਾਂਝ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਿਆ ਰਹੇਗਾ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਦੋਸਾਂਝ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ, ਕਿਸਾਨੀ ਅਤੇ ਪੇਂਡੂ ਸਮਾਜ ਲਈ ਵੱਡਾ ਘਾਟਾ ਹੈ।