
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ

-ਜਵੱਦੀ ਟਕਸਾਲ ਵਿਖੇ ਕਰਵਾਇਆ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੁਰਾਤਨ ਗੁਰਮਤਿ ਸੰਗੀਤ, ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਐਤਵਾਰ ਦਾ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਰਿਹਾ। ਸੰਗਤ ਦੇ ਸਾਹਮਣੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਫਰਮਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦਾ ਇੱਕ ਸਰਬ ਸਾਂਝਾ ਸਰੂਪ ਹੈ। ਉਹ ਬੇਅੰਤ ਨਾਵਾਂ ਵਾਲਾ ਹੈ। ਜਿਥੇ ਸਾਰੇ ਧਰਮਾਂ ਦੀ ਪਰਮ ਸੱਤਾ ਲਈ ਵਰਤੇ ਨਾਵਾਂ ਨੂੰ ਇੱਕੋ ਜਿਹੇ ਆਦਰ ਭਾਵ ਨਾਲ ਵੇਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ ਸਾਂਝੇ ਅਕਾਲ ਪੁਰਖ ਦੇ ਸਾਰੇ ਨਾਵਾਂ ਤੋਂ ਬਲਹਾਰ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਨਿਸ਼ਾਨਾ ਪਰਮ ਵਿਚਾਰ ਨੂੰ ਇਨਸਾਨੀਅਤ ਦੇ ਹਿਰਦੇ ਵਿੱਚ ਸੰਚਾਰਿਤ ਕਰਨਾ ਹੈ ਉਹ ਸਾਰੇ ਮਨੁੱਖਾਂ ਦਾ ਸਾਂਝਾ ਪਿਤਾ ਹੈ, ਜੋ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਉਹ ਮਨ ਵੀ ਸਾਂਝੀਵਾਲਤਾ ਦਾ ਮੂਲ ਆਧਾਰ ਹੈ ਅਤੇ ਕੋਈ ਜੀਵ ਉਸ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਉਸਨੇ ਪ੍ਰਿਥਵੀ ’ਤੇ ਸਭ ਦੀ ਵਰਤੋ ਲਈ ਅਮੁਕ ਪਦਾਰਥ ਉਪਜਾਏ ਹਨ ਪਰ ਸਮੱਸਿਆਵਾਂ ਸਾਡੀ ਅਸੀਮ ਖਾਹਿਸ਼ ਕਾਰਨ ਹਨ ਆਦਰਸ਼ਕ ਇਨਸਾਨ ਉਹ ਹੈ ਜੋ ਸਦਾ ਸੰਤੁਸ਼ਟ ਰਹਿੰਦਾ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਦੇਸ਼ ਵਿਸ਼ਵ ਵਿਆਪੀ ਤਾਂ ਹੈ ਹੀ ਇਸ ਦੇ ਨਾਲ-ਨਾਲ ਇਸ ਵਿੱਚ ਵੀ ਕੋਈ ਅਤਕਥਨੀ ਨਹੀਂ ਕਿ ਪੂਰੇ ਵਿਸ਼ਵ ਨੂੰ ਇੱਕ ਹੀ ਸੂਤਰ ਵਿੱਚ ਪਰੋਣ ਵਾਸਤੇ ਹੋਰ ਕੋਈ ਵਿਚਾਰਧਾਰਾ ਇਸਦੇ ਬਰਾਬਰ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਾਨਵਤਾਵਾਦੀ ਤੇ ਪਰਮ-ਮਨੋਰਥਾਂ ਨੂੰ ਇਹ ਮਨੁੱਖਤਾ ਜਦੋਂ ਪ੍ਰਾਪਤ ਕਰਨ ਦੀ ਚਾਹਵਾਨ ਹੋਵੇਗੀ, ਤਾਂ ਨਿਸ਼ਚਿਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਚੇਰੀ ਸੇਧ ਮਿਲੇਗੀ ਤਦੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਹੀ ਪਰਮ-ਕਲਿਆਣਕਾਰੀ ਨਜ਼ਰ ਆਵੇਗੀ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ।