
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋੜਵੰਦ ਪਰਿਵਾਰਾਂ ਲਈ ਨਾਰੀ ਏਕਤਾ ਆਸਰਾ ਸੰਸਥਾ ਬਣੀ ਸਹਾਰਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਸਮਾਜ ਦੇ ਲੋੜਵੰਦ ਅਤੇ ਨਿਆਸਰਿਤ ਪਰਿਵਾਰਾਂ ਦੀ ਮਦਦ ਲਈ ਚਲਾਈ ਜਾ ਰਹੀ ਸੇਵਾ ਮੁਹਿੰਮ ਤਹਿਤ ਐਤਵਾਰ ਨੂੰ ਰਾਸ਼ਨ ਵੰਡ ਸਮਾਗਮ ਕਰਵਾਇਆ। ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਮੁੱਖ ਸਲਾਹਕਾਰ ਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰੇਮ ਸਿੰਘ ਪੀਐਸ. ਵੱਲੋਂ ਨਿਆਸਰਿਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ਸਿਰਫ਼ ਕਿਸੇ ਇੱਕ ਸੰਸਥਾ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਲੋੜਵੰਦਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਉਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਕੌਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਰ ਮਹੀਨੇ ਲੋੜਵੰਦਾਂ ਦੀ ਮਦਦ ਕਰਨ ਦਾ ਉਪਰਾਲਾ ਜਾਰੀ ਹੈ। ਸੰਸਥਾ ਦਾ ਉਦੇਸ਼ ਸਿਰਫ਼ ਰਾਸ਼ਨ ਵੰਡਣਾ ਹੀ ਨਹੀਂ, ਬਲਕਿ ਲੋੜ ਦੇ ਸਮੇਂ ਪਰਿਵਾਰਾਂ ਦੇ ਨਾਲ ਖੜ੍ਹਨਾ ਹੈ। ਉਨ੍ਹਾਂ ਇਸ ਸੇਵਾ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਅੱਗੇ ਆ ਕੇ ਲੋੜਵੰਦਾਂ ਦੀ ਸਹਾਇਤਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਂਝੇ ਯਤਨਾਂ ਨਾਲ ਹੀ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਵੱਡੇ ਪੱਧਰ ’ਤੇ ਪਹੁੰਚਾਇਆ ਜਾ ਸਕਦਾ ਹੈ। ਸਮਾਗਮ ਵਿੱਚ ਹਰਜੀ ਕੌਰ, ਇਕਬਾਲ ਕੌਰ, ਬਲਜੀਤ ਕੌਰ, ਜਨਕ ਮਹਾਜਨ, ਬਲਵਿੰਦਰ ਕੌਰ, ਸਰਿਤਾ ਠਾਕੁਰ, ਮਨਪ੍ਰੀਤ ਕੌਰ ਗਿੱਲ, ਪ੍ਰੀਤੀ, ਸਰੂਪ ਸਿੰਘ ਮਠਾੜੂ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਦਹੇਲਾ, ਕਸ਼ਮੀਰ ਸਿੰਘ ਸਰਾਭਾ, ਪਰਮਜੀਤ ਸਿੰਘ ਲੌਂਗੀਆ, ਆਕਾਸ਼ ਵਰਮਾ, ਕਮਲਜੀਤ ਸਿੰਘ, ਮਹਿੰਦਰ ਸਿੰਘ, ਜੱਗਾ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਚਰਨਦੀਪ ਸਿੰਘ, ਦਵਿੰਦਰ ਸ਼ਰਮਾ, ਹਰਦੀਪ ਸਿੰਘ ਗੁਰੂ, ਸੁਰਜੀਤ ਸਿੰਘ ਸੰਤ ਤੇ ਗੁਰਦੀਪ ਸਿੰਘ ਮਲਕਪੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।