
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਇਓਫਿਊਲ ਐਂਡ ਐਨਰਜੀ ਐਕਸਪੋ ਦੌਰਾਨ ਬਿਜਲੀ ਮੰਤਰੀ ਸੌਂਦ ਵੱਲੋਂ ਫਿਕੋ ਦੇ ਪ੍ਰਧਾਨ ਕੁਲਾਰ ਦਾ ਸਨਮਾਨ

4
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੂੰ ਬਾਇਓਫਿਊਲ ਐਂਡ ਐਨਰਜੀ ਐਕਸਪੋ 2026 ਦੌਰਾਨ ਨਵਿਆਉਣਯੋਗ ਊਰਜਾ ਹੱਲਾਂ ਤੇ ਟਿਕਾਊ ਊਰਜਾ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਤਰੁਣਪ੍ਰੀਤ ਸਿੰਘ ਸੌਂਦ ਬਿਜਲੀ ਮੰਤਰੀ ਪੰਜਾਬ ਵੱਲੋਂ ਪ੍ਰਦਾਨ ਕੀਤਾ। ਇਹ ਸਨਮਾਨ ਉਦਯੋਗਿਕ ਖੇਤਰ ’ਚ ਨਵਿਆਉਣਯੋਗ ਊਰਜਾ ਹੱਲਾਂ ਨੂੰ ਅਪਣਾਉਣ ਲਈ ਕੁਲਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਯੋਗਦਾਨ ਦੀ ਮਾਨਤਾ ਵਜੋਂ ਦਿੱਤਾ ਗਿਆ। ਬਾਇਓਫਿਊਲ ਐਂਡ ਐਨਰਜੀ ਐਕਸਪੋ 2026 ਵਿੱਚ ਨਵੀਂ ਪੀੜ੍ਹੀ ਦੀਆਂ ਬਾਇਓਫਿਊਲ ਤੇ ਨਵਿਆਉਣਯੋਗ ਊਰਜਾ ਤਕਨੀਕਾਂ, ਜਿਵੇਂ ਕਿ ਈਥਾਨੋਲ, ਸੀਬੀਜੀ-ਸੀਐਨਜੀ, ਬਾਇਓਮਾਸ ਮਸ਼ੀਨਰੀ, ਗ੍ਰੀਨ ਹਾਈਡਰੋਜਨ ਤੇ ਇਸ ਨਾਲ ਜੁੜੇ ਉਦਯੋਗਾਂ ਨੂੰ ਪ੍ਰਮੁੱਖਤਾ ਦਿੱਤੀ ਹੈ। ਇਹ ਐਕਸਪੋ ਉਦਯੋਗਪਤੀਆਂ, ਨਵੀਨਤਾਕਾਰਾਂ, ਨਿਵੇਸ਼ਕਾਂ, ਨਿਰਮਾਤਾਵਾਂ ਤੇ ਨੀਤੀ ਨਿਰਧਾਰਕਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਂਦਾ ਹੈ, ਜਿੱਥੇ ਟਿਕਾਊ ਊਰਜਾ ਹੱਲਾਂ, ਨਵੀਆਂ ਤਕਨੀਕਾਂ, ਨਿਵੇਸ਼ ਦੇ ਮੌਕਿਆਂ ਅਤੇ ਬਾਇਓਐਨਰਜੀ ਖੇਤਰ ਵਿੱਚ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਕੁਲਾਰ ਨੇ ਕਿਹਾ ਕਿ ਸਾਫ਼ ਤੇ ਨਵਿਆਉਣਯੋਗ ਊਰਜਾ ਵੱਲ ਬਦਲਾਅ ਟਿਕਾਊ ਉਦਯੋਗਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਦਯੋਗ, ਤਕਨਾਲੋਜੀ ਪ੍ਰਦਾਤਾ ਤੇ ਨੀਤੀ ਨਿਰਧਾਰਕ ਮਿਲ ਕੇ ਸਾਫ਼ ਊਰਜਾ ਹੱਲਾਂ ਨੂੰ ਉਤਸ਼ਾਹਿਤ ਕਰਨ, ਰਵਾਇਤੀ ਈਂਧਨਾਂ 'ਤੇ ਨਿਰਭਰਤਾ ਘਟਾਉਣ ਤੇ ਇਕ ਟਿਕਾਊ ਭਵਿੱਖ ਬਣਾਉਣ ਲਈ ਕੰਮ ਕਰਨ। ਇਹ ਸਨਮਾਨ ਫਿਕੋ ਲਈ ਮਾਣ ਵਾਲੀ ਗੱਲ ਹੈ ਤੇ ਇਹ ਹਰੀ ਊਰਜਾ, ਟਿਕਾਊ ਵਿਕਾਸ ਅਤੇ ਜ਼ਿੰਮੇਵਾਰ ਉਦਯੋਗਿਕ ਵਿਕਾਸ ਪ੍ਰਤੀ ਫਿਕੋ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫ਼ੇਅਰ ਐਸੋਸੀਏਸ਼ਨ ਵੀ ਹਾਜ਼ਰ ਸਨ।