‘ਗੁਰੂ ਗ੍ਰੰਥ ਸਾਹਿਬ’ ਪਰਮੇਸ਼ਰ ਦਾ ਇਕ ਸਰਬ ਸਾਂਝਾ ਸਰੂਪ ਹੈ : ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ
Publish Date: Sun, 30 Aug 2026 07:01 PM (IST)
Updated Date: Mon, 31 Aug 2026 04:04 AM (IST)
ਜਵੱਦੀ ਟਕਸਾਲ ’ਚ ਕਰਵਾਇਆ ਹਫਤਾਵਾਰੀ ਨਾਮ ਸਿਮਰਨ ਸਮਾਗਮ 15 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੁਰਾਤਨ ਗੁਰਮਤਿ ਸੰਗੀਤ, ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਐਤਵਾਰ ਦਾ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਰਿਹਾ। ਜੁੜੀਆਂ ਸੰਗਤ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਫਰਮਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦਾ ਇੱਕ ਸਰਬ ਸਾਂਝਾ ਸਰੂਪ ਹੈ। ਉਹ ਬੇਅੰਤ ਨਾਵਾਂ ਵਾਲਾ ਹੈ। ਜਿਥੇ ਸਾਰੇ ਧਰਮਾਂ ਦੀ ਪਰਮ ਸੱਤਾ ਲਈ ਵਰਤੇ ਨਾਵਾਂ ਨੂੰ ਇੱਕੋ ਜਿਹੇ ਆਦਰ ਭਾਵ ਨਾਲ ਵੇਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ ਸਾਂਝੇ ਅਕਾਲ ਪੁਰਖ ਦੇ ਸਾਰੇ ਨਾਵਾਂ ਤੋਂ ਬਲਹਾਰ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਨਿਸ਼ਾਨਾ ਪਰਮ ਵਿਚਾਰ ਨੂੰ ਇਨਸਾਨੀਅਤ ਦੇ ਹਿਰਦੇ ਵਿੱਚ ਸੰਚਾਰਿਤ ਕਰਨਾ ਹੈ ਉਹ ਸਾਰੇ ਇਨਸਾਨਾਂ ਦਾ ਸਾਂਝਾ ਪਿਤਾ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਉਹ ਮਨ ਵੀ ਸਾਂਝੀਵਾਲਤਾ ਦਾ ਮੂਲ ਆਧਾਰ ਹੈ ਅਤੇ ਕੋਈ ਜੀਵ ਉਸ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਉਸ ਨੇ ਪ੍ਰਿਥਵੀ ’ਤੇ ਸਭ ਦੀ ਵਰਤੋ ਲਈ ਅਮੁਕ ਪਦਾਰਥ ਉਪਜਾਏ ਹਨ ਪਰ ਸਮੱਸਿਆਵਾਂ ਸਾਡੀ ਅਸੀਮ ਖਾਹਿਸ਼ ਕਾਰਨ ਹਨ ਆਦਰਸ਼ਕ ਇਨਸਾਨ ਉਹ ਹੈ ਜੋ ਸਦਾ ਸੰਤੁਸ਼ਟ ਰਹਿੰਦਾ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਦੇਸ਼ ਵਿਸ਼ਵ ਵਿਆਪੀ ਤਾਂ ਹੈ ਹੀ ਇਸ ਦੇ ਨਾਲ-ਨਾਲ ਇਸ ਵਿਚ ਵੀ ਕੋਈ ਅਤਿਕਥਨੀ ਨਹੀਂ ਕਿ ਪੂਰੇ ਵਿਸ਼ਵ ਨੂੰ ਇੱਕ ਹੀ ਸੂਤਰ ਵਿੱਚ ਪਰੋਣ ਵਾਸਤੇ ਹੋਰ ਕੋਈ ਵਿਚਾਰਧਾਰਾ ਇਸਦੇ ਬਰਾਬਰ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਨੁੱਖਤਾਵਾਦੀ ਤੇ ਪਰਮ-ਮਨੋਰਥਾਂ ਨੂੰ ਇਹ ਮਨੁੱਖਤਾ ਜਦੋਂ ਪ੍ਰਾਪਤ ਕਰਨ ਦੀ ਚਾਹਵਾਨ ਹੋਵੇਗੀ, ਤਾਂ ਨਿਸ਼ਚਿਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਚੇਰੀ ਸੇਧ ਮਿਲੇਗੀ ਤਦੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਹੀ ਪਰਮ-ਕਲਿਆਣਕਾਰੀ ਨਜ਼ਰ ਆਵੇਗੀ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।