‘ਕਲੀਨ ਪੰਜਾਬ,ਪ੍ਰਾਊਡ ਪੰਜਾਬ’ ਤਹਿਤ ਵਿਧਾਇਕਾ ਛੀਨਾ ਨੇ ਸਫ਼ਾਈ ਮੁਹਿੰਮ ਵਿੱਢੀ ‘ਕਲੀਨ ਪੰਜਾਬ,ਪ੍ਰਾਊਡ ਪੰਜਾਬ’ ਤਹਿਤ ਵਿਧਾਇਕ ਛੀਨਾ ਦੀ ਅਗਵਾਈ ’ਚ ਈਸ਼ਰ ਨਗਰ ‘ਚ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਢੀ
Publish Date: Sun, 30 Aug 2026 06:57 PM (IST)
Updated Date: Mon, 31 Aug 2026 04:04 AM (IST)
-ਕਿਹਾ, ਮੁੱਖ ਮੰਤਰੀ ਦੀ ਪੰਜਾਬ ਦੇ ਸ਼ਹਿਰ/ਪਿੰਡ ਸਾਫ਼ ਬਣਾਉਣ ਦੀ ਸੋਚ ਨੂੰ ਕਰਾਂਗੇ ਸਾਕਾਰ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ, ਹਰਾ-ਭਰਾ ਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ‘ਕਲੀਨ ਪੰਜਾਬ, ਪ੍ਰਾਊਡ ਪੰਜਾਬ’ ਮਿਸ਼ਨ ਤਹਿਤ ਵਾਰਡ ਨੰਬਰ 38 ਹਲਕਾ ਲੁਧਿਆਣਾ ਦੱਖਣੀ ਦੇ ਈਸ਼ਰ ਨਗਰ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਢੀ ਗਈ। ਇਹ ਮੁਹਿੰਮ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਵਿੱਢੀ ਗਈ। ਇਸ ਮੌਕੇ ‘ਆਪ’ ਆਗੂ ਹਰਪ੍ਰੀਤ ਸਿੰਘ ਛੀਨਾ ਨੇ ਵਿਸ਼ੇਸ਼ ਤੌਰ ’ਤੇ ਸਫ਼ਾਈ ਅਭਿਆਨ ਵਿੱਚ ਸ਼ਮੂਲੀਅਤ ਕਰਦਿਆਂ ਪਾਰਟੀ ਵਰਕਰਾਂ ਦਾ ਹੌਸਲਾ ਵਧਾਇਆ। ਇਸ ਮੌਕੇ ਇਲਾਕੇ ਦੀਆਂ ਗਲੀਆਂ ਅਤੇ ਆਸ-ਪਾਸ ਦੇ ਸਥਾਨਾਂ ਦੀ ਸਫ਼ਾਈ ਕੀਤੀ ਗਈ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਲੋਕਾਂ ਨੂੰ ਖ਼ਾਸ ਤੌਰ ’ਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ, ਕੂੜਾ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਵਿਧਾਇਕ ਛੀਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਜੇਕਰ ਪੰਜਾਬ ਦੇ ਸ਼ਹਿਰ ਅਤੇ ਪਿੰਡ ਸਾਫ਼-ਸੁਥਰੇ ਰਹਿਣਗੇ ਤਾਂ ਪੰਜਾਬ ਹੋਰ ਤੇਜ਼ੀ ਨਾਲ ਤਰੱਕੀ ਕਰੇਗਾ। ਸਫ਼ਾਈ ਸਿਰਫ਼ ਸੁੰਦਰਤਾ ਨਾਲ ਨਹੀਂ, ਸਗੋਂ ਲੋਕਾਂ ਦੀ ਸਿਹਤ, ਵਾਤਾਵਰਣ ਅਤੇ ਪੰਜਾਬ ਦੇ ਭਵਿੱਖ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੀ ਇਸ ਸੋਚ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੁਧਿਆਣਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਫ਼ਾਈ ਮੁਹਿੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਕਲੀਨ ਪੰਜਾਬ, ਪ੍ਰਾਊਡ ਪੰਜਾਬ’ ਸਿਰਫ਼ ਇੱਕ ਮੁਹਿੰਮ ਨਹੀਂ, ਬਲਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਬਿਹਤਰ ਬਣਾਉਣ ਲਈ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਵਿਅਕਤੀ ਆਪਣੇ ਘਰ ਦੇ ਨਾਲ-ਨਾਲ ਆਪਣੇ ਮੁਹੱਲੇ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੇਗਾ, ਤਾਂ ਇੱਕ ਸਾਫ਼-ਸੁਥਰੇ ਅਤੇ ਤੰਦਰੁਸਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇਗਾ। ਸਫ਼ਾਈ ਅਭਿਆਨ ਵਿੱਚ ਸੰਗਠਨ ਇੰਚਾਰਜ ਪਰਮਿੰਦਰ ਗਿੱਲ, ਚੇਅਰਮੈਨ ਟਰੇਡ ਵਿੰਗ ਇੰਦਰਜੀਤ, ਚੇਅਰਮੈਨ ਸੁਨਹਿਰਾ ਵਿੰਗ ਹਰਦੇਵ ਗੋਲਡੀ, ਬਲਾਕ ਪ੍ਰਧਾਨ ਵਿੱਕੀ ਬੇਗੋਆਣਾ, ਬਲਾਕ ਪ੍ਰਧਾਨ ਯੂਥ ਵਿੰਗ ਸੰਨੀ, ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਲਖਵਿੰਦਰ ਜੋਰਾ, ਬਲਾਕ ਪ੍ਰਧਾਨ ਸੁਨੀਲ ਢੀਂਗਰਾ, ਬਲਾਕ ਪ੍ਰਧਾਨ ਬੰਟੀ, ਹਲਕਾ ਕੋਆਰਡੀਨੇਟਰ ਸੋਸ਼ਲ ਮੀਡੀਆ ਜੋਗਾ ਸੰਧੂ, ਬਲਾਕ ਪ੍ਰਧਾਨ ਸੋਸ਼ਲ ਮੀਡੀਆ ਖੜਕ ਸਿੰਘ ਅਤੇ ਸੈਨੇਟਰੀ ਇੰਚਾਰਜ ਰਜਿੰਦਰ ਕੁਮਾਰ ਸਮੇਤ ਕ੍ਰਿਸ਼ਨਾ ਕੁਮਾਰ, ਪਰਮਜੀਤ ਕੌਰ, ਆਦਿਤਿਆ, ਰਾਮਬਕਸ਼ ਨਿਸ਼ਾਦ, ਰਾਮੂ, ਸਤਿੰਦਰ ਬਾਵਾ ਅਤੇ ਅਮਨਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਸਾਫ਼-ਸੁਥਰਾ ਇਲਾਕਾ ਬਣਾਉਣਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਕੂੜੇ ਨੂੰ ਨਿਰਧਾਰਤ ਸਥਾਨ ’ਤੇ ਹੀ ਸੁੱਟਣ।