ਸੇਵਾਮੁਕਤ ਥਾਣੇਦਾਰ ਦੀ ਜ਼ਿੰਦਗੀ ਦਾ ਇੱਕੋ-ਇੱਕ ਮਿਸ਼ਨ ਰੌਸ਼ਨੀ ਗੁਆ ਚੁੱਕੇ ਪੀੜਤਾਂ ਨੂੰ ਰੌਸ਼ਨੀ ਵੰਡਣਾ ਸੇਵਾ ਮੁਕਤ ਥਾਣੇਦਾਰ ਦੀ ਜ਼ਿੰਦਗੀ ਦਾ ਇੱਕੋ - ਇੱਕ ਮਿਸ਼ਨ ਰੌਸ਼ਨੀ ਗੁਆ ਚੁੱਕੇ ਪੀੜਤਾਂ ਨੂੰ ਰੌਸ਼ਨੀ ਵੰਡਣਾ
Publish Date: Sat, 29 Aug 2026 08:54 PM (IST)
Updated Date: Sat, 29 Aug 2026 08:55 PM (IST)
ਹੁਣ ਤੱਕ 400 ਤੋਂ ਵੱਧ ਅੱਖਾਂ ਦਾਨ ਕਰਵਾ ਚੁੱਕਿਆ ਹੈ ਬਲਵਿੰਦਰ ਸਿੰਘ ਭੱਠਲ ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਪਿੰਡ ਭਨੋਹੜ ਦੇ ਵਸਨੀਕ ਬਲਵਿੰਦਰ ਸਿੰਘ ਭੱਠਲ ਅਜਿਹੇ ਇਨਸਾਨ ਹਨ, ਜਿਨ੍ਹਾਂ ਦੀ ਕਾਰ ਵਿੱਚ ਹਮੇਸ਼ਾ ਡਾਕਟਰੀ ਕਿੱਤੇ ਨਾਲ ਸਬੰਧਿਤ ਕਿੱਟ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਕਿਧਰੇ ਕਿਸੇ ਪਾਸਿਓਂ ਕਿਸੇ ਮ੍ਰਿਤਕ ਦੀਆਂ ਅੱਖਾਂ ਦਾਨ ਕਰਨ ਸਬੰਧੀ ਸੁਨੇਹਾ ਮਿਲਦਾ ਹੈ, ਉਹ ਉਸੇ ਸਮੇਂ ਭਾਵੇਂ ਅੱਧੀ ਰਾਤ ਦਾ ਸਮਾਂ ਹੋਵੇ, ਮ੍ਰਿਤਕ ਪਰਿਵਾਰ ਦੇ ਘਰ ਪਹੁੰਚ ਜਾਂਦੇ ਹਨ ਅਤੇ ਅੱਖਾਂ ਕੱਢ ਕੇ ਪ੍ਰਯੋਗਸ਼ਾਲਾ ਵਿੱਚ ਰੱਖ ਦਿੰਦੇ ਹਨ ਤਾਂ ਜੋ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਕਿਸੇ ਦੁਖੀ ਨੂੰ ਰੌਸ਼ਨੀ ਮਿਲ ਸਕੇ। ਪੁਲਿਸ ਵਿਭਾਗ ਪੰਜਾਬ ਵਿਚੋਂ ਥਾਣੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ 70 ਸਾਲਾ ਬਲਵਿੰਦਰ ਸਿੰਘ ਭੱਠਲ ਦਾ ਆਖਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕੋ-ਇੱਕ ਮਿਸ਼ਨ ਹੈ ਕਿ ਜਿਹੜੇ ਵਿਅਕਤੀਆਂ ਦੀ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ, ਉਨ੍ਹਾਂ ਨੂੰ ਰੌਸ਼ਨੀ ਵੰਡਣਾ ਹੈ। ਕੌਮੀ ਅੱਖ ਦਾਨ ਪੰਦਰਵਾੜਾ ਸ਼ੁਰੂ ਹੋਣ ਦੇ ਨਾਲ ਹੀ ਉਨ੍ਹਾਂ ਦਾ ਇਹ ਸੰਕਲਪ ‘ਮੌਤ ਤੋਂ ਬਾਅਦ ਵੀ ਮ੍ਰਿਤਕ ਦੂਜਿਆਂ ਨੂੰ ਦੁਨੀਆ ਦੇਖਣ ਵਿੱਚ ਮਦਦ ਕਰਨ’ ਅੱਜ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਉਹ ਆਪਣੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੁਣ ਤੱਕ ਲਗਭਗ 400 ਅੱਖਾਂ ਦਾ ਦਾਨ ਕਰਵਾ ਚੁੱਕੇ ਹਨ, ਜਿਸ ਨਾਲ ਕਈ ਦੁਖੀਆਂ ਨੂੰ ਨਵੀਂ ਰੌਸ਼ਨੀ ਅਤੇ ਨਵੀਂ ਜ਼ਿੰਦਗੀ ਦਾ ਇੱਕ ਨਵਾਂ ਮੌਕਾ ਮਿਲਿਆ ਹੈ। ਉਨ੍ਹਾਂ ਦਾ ਆਖਣਾ ਹੈ ਕਿ ‘ਸਰੀਰ ਮਰ ਜਾਂਦਾ ਹੈ, ਪਰ ਇੱਕ ਚੀਜ਼ ਜੋ ਜ਼ਿੰਦਾ ਰਹਿੰਦੀ ਹੈ, ਉਹ ਹੈ ਅੱਖਾਂ’। ਉਹ ਦੁਖੀ ਪਰਿਵਾਰਾਂ ਨੂੰ ਇਹ ਪ੍ਰੇਰਨਾ ਦਿੰਦੇ ਹੋਏ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੇ ਵਿੱਛੜ ਗਏ ਸਨੇਹੀਆਂ ਨੇ ਆਪਣੇ ਜਿਊਂਦੇ ਜੀਅ ਅੱਖਾਂ ਦਾਨ ਕਰਨ ਦਾ ਪ੍ਰਣ ਨਹੀਂ ਵੀ ਲਿਆ ਸੀ, ਤਾਂ ਵੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਸਾਲ 1998 ਦੀ ਗੱਲ ਹੈ ਜਦੋਂ ਉਹ ਆਪਣੀ ਮਾਤਾ ਜੀ ਦੀਆਂ ਅੱਖਾਂ ਦੀ ਡਾਕਟਰੀ ਜਾਂਚ ਲਈ ਲੁਧਿਆਣਾ ਸ਼ਹਿਰ ਗਏ ਤਾਂ ਉੱਥੇ ਉਹ ਡਾ: ਰਮੇਸ਼ ਨੂੰ ਮਿਲੇ, ਜੋ ਦ੍ਰਿਸ਼ਟੀਹੀਣਾਂ ਦੀ ਸੇਵਾ ਕਰ ਰਹੇ ਸਨ ਅਤੇ ਉਹ ਫਿਰ ਉਸੇ ਦਿਨ ਤੋਂ ਹੀ ਉਨ੍ਹਾਂ ਨਾਲ ਜੁੜ ਗਏ। ਥਾਣੇਦਾਰ ਨੇ ਦੱਸਿਆ ਕਿ ਉਹ ਅਕਸਰ ਉਨ੍ਹਾਂ ਦੇ ਨਾਲ ਜਾਇਆ ਕਰਦੇ ਸਨ ਅਤੇ ਉਨ੍ਹਾਂ ਡਾ: ਰਮੇਸ਼ ਨੂੰ ਅੱਖਾਂ ਕੱਢਣ ਦੀ ਪ੍ਰਕਿਰਿਆ ਕਰਦੇ ਦੇਖਿਆ ਸੀ। ਇੱਕ ਘਟਨਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਕ ਦਿਨ ਕੜਾਕੇ ਦੀ ਠੰਢ ਵਾਲੀ ਸਵੇਰ ਸੀ। ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ, ਉੱਥੇ ਇੱਕ ਪਰਿਵਾਰ ਆਇਆ। ਜਦੋਂ ਉਨ੍ਹਾਂ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗੁਆਂਢ ਵਿੱਚ ਹਰਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਯਾਦ ਹੈ ਕਿ ਉਸ ਨੇ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਸੀ ਅਤੇ ਮੈਂ ਪਰਿਵਾਰ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਮੈਨੂੰ ਕੁੱਝ ਸਮੇਂ ਬਾਅਦ ਆਉਣ ਲਈ ਕਿਹਾ। ਜਦੋਂ ਮੈਂ ਡਾ.ਰ ਮੇਸ਼ ਨਾਲ ਸੰਪਰਕ ਕੀਤਾ ਤਾਂ ਉਹ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਮੈਂ ਡਾਕਟਰ ਦੀ ਗੈਰ-ਮੌਜੂਦਗੀ ਵਿੱਚ ਉਹਨਾਂ ਦੇ ਅਟੈਂਡੈਂਟ ਨੂੰ ਕਿੱਟ ਤਿਆਰ ਕਰਨ ਲਈ ਕਿਹਾ। ਮੈਂ ਹਿੰਮਤ ਜੁਟਾਈ ਅਤੇ ਆਪ ਹੀ ਅੱਖਾਂ ਕੱਢਣ ਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਵਿੱਚ ਮੈਨੂੰ ਅੱਧਾ ਘੰਟਾ ਲੱਗਿਆ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਾਹਸ ਭਰਿਆ ਕਾਰਨਾਮਾ ਸੀ। ਉਨ੍ਹਾਂ ਦੱਸਿਆ ਕਿ ਜਿਹੜੀਆਂ ਦੋ ਅੱਖਾਂ ਮੈਂ ਖੁਦ ਕੱਢ ਕੇ ਲਿਆਇਆ ਸੀ, ਉਨ੍ਹਾਂ ਵਿਚੋਂ ਇੱਕ ਅੱਖ ਦੀ ਪੁਤਲੀ ਇਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਪਾਈ ਗਈ ਜਦੋਂ ਕਿ ਦੂਜੀ ਅੰਬਾਲਾ ਦੇ ਇੱਕ ਪੁਜਾਰੀ ਨੂੰ ਦਿੱਤੀ ਗਈ। “ਮੈਂ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਮਿਲਿਆ ਸੀ ਅਤੇ ਅੱਖਾਂ ਵੀ ਪ੍ਰਭੂ ਦੀ ਸੇਵਾ ਕਰਨ ਵਾਲਿਆਂ ਦੇ ਲੇਖੇ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਖੁਦ ਅੱਖਾਂ (ਪੁਤਲੀ) ਕੱਢਣ ਦੀ ਡਾਕਟਰੀ ਪ੍ਰਕਿਰਿਆ ਕਰਦੇ ਆ ਰਹੇ ਹਨ। ਉਹ ਗੁਰਬਾਣੀ ਦੇ ਵੇਰਵੇ ਦੇ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਦੱਸਦੇ ਹਨ ਕਿ ਸਰੀਰ ਦੇ ਖ਼ਤਮ ਹੋ ਜਾਣ ਤੋਂ ਬਾਅਦ ਵੀ ਉਹ ਇਸ ਦੁਨੀਆ ਨੂੰ ਕਿਵੇਂ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਭੋਗ ਸਮਾਗਮਾਂ ਜਾਂ ਹੋਰ ਸਮਾਜਿਕ ਇਕੱਠਾਂ ਦੌਰਾਨ ਸੰਗਤ ਨੂੰ ਸੰਬੋਧਨ ਕਰਦਾ ਹਾਂ ਅਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਦਾ ਹਾਂ। ਮੇਰੇ ਆਪਣੇ ਪਿੰਡ ਤੋਂ ਹੀ 35 ਲੋਕਾਂ ਨੇ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ। ਮੇਰੀ ਗੱਲਬਾਤ ਉਹੀ ਹੁੰਦੀ ਹੈ ਜੋ ਲੋੜਵੰਦਾਂ ਦੀ ਮਦਦ ਕਰ ਸਕੇ, ਚਾਹੇ ਉਹ ਖ਼ੂਨ ਦਾਨ ਹੋਵੇ ਜਾਂ ਅੱਖਾਂ ਦਾ ਦਾਨ। ਸਾਬਕਾ ਥਾਣੇਦਾਰ ਇਸ ਸਮੇਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਨਾਲ ਜੁੜੇ ਹੋਏ ਹਨ, ਜੋ ਹਰ ਸਾਲ 1,500 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਲਗਵਾ ਕੇ ਸਮਾਜ ਸੇਵਾ ਕਰ ਰਹੇ ਹਨ। ਆਨਲਾਈਨ ਕੌਂਸਲਿੰਗ ਜ਼ਰੀਏ ਬਚਾਅ ਚੁੱਕੇ ਹਨ ਕਈ ਜਾਨਾਂ ਆਪਣੀ ਪੁਲਿਸ ਸੇਵਾ ਦੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇੱਕ ਵਾਰ 100 ਨੰਬਰ ਹੈਲਪਲਾਈਨ ਦਾ ਸੰਚਾਲਨ ਕਰ ਰਹੇ ਸਨ ਅਤੇ ਉਨ੍ਹਾਂ ਆਨਲਾਈਨ ਕੌਂਸਲਿੰਗ ਜ਼ਰੀਏ ਖੁਦਕੁਸ਼ੀ ਦੇ ਕੰਢੇ ਪਹੁੰਚ ਚੁੱਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ। ਉਹ ਖੁਦ ਪਹਿਲਾਂ ਹੀ ਆਪਣਾ ਸਰੀਰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੂੰ ਡਾਕਟਰੀ ਖੋਜ ਕਾਰਜਾਂ ਦੇ ਮਕਸਦ ਲਈ ਦਾਨ ਕਰਨ ਦਾ ਪ੍ਰਣ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਹ ਨਿਯਮਿਤ ਤੌਰ ’ਤੇ ਖ਼ੂਨ ਦਾਨ ਕਰਦੇ ਹਨ ਅਤੇ ਖ਼ੂਨ ਦਾਨ ਤੇ ਅੱਖਾਂ ਦੀ ਜਾਂਚ ਦੇ ਕੈਂਪ ਲਗਾ ਕੇ ਸਮਾਜ ਸੇਵਾ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਇਹੋ ਜਿਹੇ ਇਨਸਾਨ ਸਮਾਜ ਲਈ ਰਾਹ ਦਿਸੇਰਾ ਬਣਦੇ ਹਨ, ਜਿਨ੍ਹਾਂ ਉਪਰ ਸਮਾਜ ਨੂੰ ਮਾਣ ਹੈ। ਇਥੇ ਦੱਸਣਯੋਗ ਹੈ ਕਿ ਪੂਰੀ ਦੁਨੀਆ ਵਿਚ 39 ਮਿਲੀਅਨ ਲੋਕ ਅੰਨ੍ਹੇਪਣ ਤੋਂ ਸ਼ਿਕਾਰ ਹਨ ਜਦੋਂ ਕਿ ਉਨ੍ਹਾਂ ਵਿੱਚ 16 ਮਿਲੀਅਨ ਲੋਕ ਕੇਵਲ ਭਾਰਤ ਵਿੱਚ ਹਨ।