
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-‘ਫੀਲ ਦ ਰੋਰ’ ਦੇ ਨਾਲ ਲੁਧਿਆਣਾ ਲਾਇਨਜ਼ ਦਾ ਆਗਾਜ਼, ਥੀਮ ਸੌਂਗ ਤੇ ਜਰਸੀ ਲਾਂਚ

ਟੀਮ ਦਾ ਸਟਾਰ ਖਿਡਾਰੀ ਤੇ ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨਹੀਂ ਪੁੱਜਾ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ
ਲੁਧਿਆਣਾ : ਲੁਧਿਆਣਾ ਲਾਇਨਜ਼ ਵੱਲੋਂ ਹੋਟਲ ਰਿਜੈਂਟਾ ਕਲਾਸਿਕ ਵਿਖੇ ‘ਫੀਲ ਦਿ ਰੋਰ’ ਦੇ ਬੈਨਰ ਹੇਠ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪ੍ਰੀਮੀਅਰ ਲੀਗ ਲਈ ਟੀਮ ਦੇ ਨਵੇਂ ਸੀਜ਼ਨ ਲਈ ਥੀਮ ਸੌਂਗ ਅਤੇ ਅਧਿਕਾਰਤ ਜਰਸੀ ਲਾਂਚ ਕੀਤੀ ਗਈ। ਪ੍ਰੋਗਰਾਮ ਦੌਰਾਨ ਟੀਮ ਦੇ ਖਿਡਾਰੀਆਂ ਤੇ ਪ੍ਰਬੰਧਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਖਿਡਾਰੀ ਕ੍ਰਿਸ਼ਨ ਭਗਤ, ਸਲਿਲ ਅਰੋੜਾ, ਜੱਸ ਇੰਦਰ, ਅਭਿਜੀਤ ਗਰਗ, ਅਰਜੁਨ ਰਾਜਪੂਤ, ਯੁਵੀ ਗੋਇਲ, ਕਾਰਤਿਕ ਚੱਢਾ, ਤਰਨਵੀਰ ਸਿੰਘ ਰੰਧਾਵਾ, ਹਵਨੀਤ ਸਿੰਘ, ਰਾਜਵੀਰ ਜਸਵਾਲ, ਹਰੀਸ਼ ਕੁਮਾਰ, ਬਿਕਰਮਜੀਤ ਸਿੰਘ, ਮਾਧਵ ਸਿੰਘ ਪਠਾਨੀਆ, ਕਾਰਤਿਕ ਸ਼ਰਮਾ, ਲਵਦੀਪ ਸਿੰਘ ਖਰੋੜ, ਲਵਕੀਰਤ ਸਿੰਘ, ਅਸੀਮ ਕੋਹਲੀ, ਗੁਰਮਨ ਸਿੰਘ ਅਤੇ ਸਾਹਿਲ ਭਾਸਕਰ ਨੇ ਸ਼ਮੂਲੀਅਤ ਕੀਤੀ।
ਟੀਮ ਦੇ ਮਾਲਕ ਮਨੋਜ ਬਾਂਸਲ ਅਤੇ ਹਰਰਿਤ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਲਾਇਨਜ਼ ਸਿਰਫ਼ ਇੱਕ ਟੀਮ ਨਹੀਂ, ਸਗੋਂ ਸ਼ਹਿਰ ਦੇ ਨੌਜਵਾਨਾਂ ਦੀ ਪ੍ਰਤਿਭਾ, ਜਜ਼ਬੇ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਟੀਮ ਦਾ ਮਕਸਦ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਬਿਹਤਰ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ‘ਫੀਲ ਦਿ ਰੋਰ’ ਟੀਮ ਦੀ ਜਿੱਤ ਦੇ ਜਜ਼ਬੇ ਅਤੇ ਲੁਧਿਆਣਾ ਦੀ ਸ਼ਾਨ ਨੂੰ ਦਰਸਾਉਂਦਾ ਹੈ। ਨਵੀਂ ਜਰਸੀ ਅਤੇ ਥੀਮ ਸੌਂਗ ਰਾਹੀਂ ਟੀਮ ਇੱਕ ਨਵੀਂ ਊਰਜਾ ਅਤੇ ਜੋਸ਼ ਨਾਲ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਲੁਧਿਆਣਾ ਲਾਇਨਜ਼ ਦੇ ਖਿਡਾਰੀ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ਹਿਰ ਦਾ ਨਾਮ ਰੌਸ਼ਨ ਕਰਨਗੇ।
ਲੁਧਿਆਣਾ ਟੀਮ ਦਾ ਸਟਾਰ ਖਿਡਾਰੀ ਤੇ ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਟੀਮ ਦਾ ਥੀਮ ਸੌਂਗ ਤੇ ਜਰਸੀ ਲਾਂਚ ਸਮਾਗਮ ਵਿੱਚ ਨਹੀਂ ਪੁੱਜਾ। ਹੋਰ ਤਾਂ ਹੋਰ ਇਸ ਸਮਾਗਮ ਤੋਂ ਪਹਿਲਾਂ ਅਰਸ਼ਦੀਪ ਸਿੰਘ ਨੇ ਲੁਧਿਆਣਾ ਦੇ ਸ਼ਾਸ਼ਤਰੀ ਨਗਰ ਵਿਖੇ ਸਥਿਤ ਬੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁੱਜਣਾ ਸੀ, ਪਰ ਉਹ ਉੱਥੇ ਵੀ ਨਹੀਂ ਪੁੱਜਾ ਜਿਸ ਕਰਕੇ ਉਸ ਦੇ ਪ੍ਰਸ਼ੰਸ਼ਕਾਂ ਤੇ ਉਸ ਨੂੰ ਮਿਲਣ ਦੇ ਚਾਹਵਾਨ ਬੱਚਿਆਂ ਨੂੰ ਨਿਰਾਸ਼ ਹੋਣਾ ਪਿਆ।