ਸ਼ਹਿਰ ਨੂੰ ਗੰਦਾ ਕਰਨ ਵਾਲੇ ਲੋਕਾਂ ਦੇ ਕੱਟੇ ਚਲਾਨ
ਸ਼ਹਿਰ ਨੂੰ ਗੰਦਾ ਕਰਨ ਵਾਲੇ ਲੋਕਾਂ ਦੇ ਕੱਟੇ ਗਏ ਚਲਾਨ
Publish Date: Sat, 29 Aug 2026 07:58 PM (IST)
Updated Date: Sat, 29 Aug 2026 08:01 PM (IST)
ਸ਼ਹਿਰ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ : ਧੀਂਗਾਨ ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ : ਨਗਰ ਨਿਗਮ ਲੁਧਿਆਣਾ ਵੱਲੋਂ ਕਮਿਸ਼ਨਰ ਓਜਸਵੀ ਅਲੰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ ਨੂੰ ਸੜਕਾਂ ਉੱਤੇ ਕੂੜਾ ਸੁੱਟਣ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਮੁਹਿੰਮ ਤਹਿਤ ਵਾਰਡ ਨੰ. 61 ਵਿਖੇ ਨਗਰ ਨਿਗਮ ਲੁਧਿਆਣਾ ਵਿਚ ਤਾਇਨਾਤ ਸੈਨਟਰੀ ਇੰਸਪੈਕਟਰ ਅਰਜੁਨ ਧੀਂਗਾਨ ਵੱਲੋਂ ਖੁੱਲ੍ਹੇ ਵਿਚ ਕੂੜਾ ਸੁੱਟ ਕੇ ਸ਼ਹਿਰ ਨੂੰ ਗੰਦਾ ਕਰਨ ਵਾਲੇ ਲੋਕਾਂ ਦੇ ਮੌਕੇ ਉੱਤੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਅਰਜੁਨ ਧੀਂਗਾਨ ਨੇ ਦੱਸਿਆ ਕਿ ਮਿਸ਼ਨ ਕਲੀਨ ਤਹਿਤ ਮਹਾਂਨਗਰ ਨੂੰ ਸਾਫ ਰੱਖਣ ਲਈ ਨਿਗਮ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਸ਼ਹਿਰ ਨੂੰ ਰੋਜ਼ਾਨਾ ਸਾਫ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਪ੍ਰੰਤੂ ਕਈ ਲੋਕ ਆਦਤ ਤੋਂ ਮਜਬੂਰ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਲਗਾਤਾਰ ਸੜਕਾਂ ਉੱਤੇ ਕੂੜਾ ਸੁੱਟਿਆ ਜਾ ਰਿਹਾ ਸੀ ਜਿਸ ਤਹਿਤ ਅੱਜ ਦੇਰ ਰਾਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ਼ ਚਲਾਨ ਕੱਟ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਅਜਿਹੀ ਕਾਰਵਾਈ ਕੀਤੀ ਜਾਵੇਗੀ।