
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਹਲੋਂ ਚੌਂਕ 'ਚ ਲੱਗਦੇ ਰੋਜ਼ਾਨਾ ਦੇ ਜਾਮ ਤੋਂ ਲੋਕ ਪ੍ਰੇਸ਼ਾਨ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਲੁਧਿਆਣਾ-ਮਲੇਰਕੋਟਲਾ-ਸੰਗਰੂਰ ਮੁੱਖ ਮਾਰਗ 'ਤੇ ਸਥਿਤ ਕਸਬਾ ਡੇਹਲੋਂ ਦੇ ਮੁੱਖ ਚੌਂਕ ਅਤੇ ਬਾਜ਼ਾਰ ’ਚ ਰੋਜ਼ਾਨਾ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਕਾਰਨ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਕਸਬੇ ਦੇ ਅੰਦਰੋਂ ਟ੍ਰੈਫਿਕ ਦਾ ਬੋਝ ਘਟਾਉਣ ਲਈ ਕਈ ਸਾਲ ਪਹਿਲਾਂ ਲੱਖਾਂ-ਕਰੋੜਾਂ ਰੁਪਏ ਦੀ ਲਾਗਤ ਨਾਲ ਬਾਈਪਾਸ ਦਾ ਨਿਰਮਾਣ ਕੀਤਾ ਗਿਆ ਸੀ, ਪਰ ਪ੍ਰਸ਼ਾਸਨਿਕ ਨਾਕਾਮੀ ਕਾਰਨ ਇਹ ਬਾਈਪਾਸ ਅੱਜ ਸਿਰਫ਼ ਇੱਕ 'ਚਿੱਟਾ ਹਾਥੀ' ਬਣ ਕੇ ਰਹਿ ਗਿਆ ਹੈ।
-ਨਿਯਮਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਾਈਪਾਸ ਖ਼ਾਸ ਤੌਰ 'ਤੇ ਲੁਧਿਆਣਾ ਤੋਂ ਮਲੇਰਕੋਟਲਾ-ਸੰਗਰੂਰ ਅਤੇ ਸੰਗਰੂਰ-ਮਲੇਰਕੋਟਲਾ ਤੋਂ ਲੁਧਿਆਣਾ ਜਾਣ ਵਾਲੀਆਂ ਵੱਡੀਆਂ ਅਤੇ ਭਾਰੀ ਗੱਡੀਆਂ ਲਈ ਬਣਾਇਆ ਗਿਆ ਸੀ ਤਾਂ ਜੋ ਉਹ ਬਾਹਰੋਂ-ਬਾਹਰ ਲੰਘ ਸਕਣ। ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰੀ ਵਾਹਨਾਂ ਦੇ ਨਾਲ-ਨਾਲ ਕਾਰਾਂ ਅਤੇ ਹੋਰ ਗੱਡੀਆਂ ਵਾਲੇ ਵੀ ਇਸ ਬਾਈਪਾਸ ਦੀ ਵਰਤੋਂ ਕਰਨ ਦੀ ਬਜਾਏ ਸ਼ਰੇਆਮ ਡੇਹਲੋਂ ਬਾਜ਼ਾਰ ਦੇ ਅੰਦਰੋਂ ਲੰਘਦੇ ਹਨ। ਵਾਹਨਾਂ ਦੀ ਇਸ ਅੰਨ੍ਹੇਵਾਹ ਆਮਦ ਕਾਰਨ ਮੁੱਖ ਬਾਜ਼ਾਰ ਹਰ ਵੇਲੇ ਛਾਉਣੀ ਵਿੱਚ ਤਬਦੀਲ ਹੋਇਆ ਦਿਖਾਈ ਦਿੰਦਾ ਹੈ ਅਤੇ ਤਿਲ ਧਰਨ ਨੂੰ ਵੀ ਜਗ੍ਹਾ ਨਹੀਂ ਬਚਦੀ। ਲੋਕਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਡੇਹਲੋਂ ਚੌਂਕ ਵਰਗੇ ਅਤਿ-ਸੰਵੇਦਨਸ਼ੀਲ ਪੁਆਇੰਟ 'ਤੇ ਨਾ ਤਾਂ ਅੱਜ ਤੱਕ ਟ੍ਰੈਫਿਕ ਲਾਈਟਾਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤਾ ਜਾਂਦਾ ਹੈ। ਸੜਕਾਂ 'ਤੇ ਲੱਗਦੇ ਜਾਮ ਕਾਰਨ ਜਿੱਥੇ ਸਕੂਲੀ ਬੱਚੇ, ਮੁਲਾਜ਼ਮ ਤੇ ਰਾਹਗੀਰ ਘੰਟਿਆਂ ਬੱਧੀ ਖ਼ੱਜਲ-ਖ਼ੁਆਰ ਹੁੰਦੇ ਹਨ, ਉੱਥੇ ਹੀ ਐਮਰਜੈਂਸੀ ਵੇਲੇ ਐਂਬੂਲੈਂਸਾਂ ਵੀ ਇਸ ਜਾਮ ਵਿੱਚ ਫਸ ਕੇ ਰਹਿ ਜਾਂਦੀਆਂ ਹਨ। ਸਥਾਨਕ ਦੁਕਾਨਦਾਰਾਂ ਤੇ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਾਈਪਾਸ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਜਾਵੇ ਅਤੇ ਬਾਜ਼ਾਰ ਅੰਦਰ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਇਸ ਦੇ ਨਾਲ ਹੀ ਡੇਹਲੋਂ ਚੌਂਕ ਵਿੱਚ ਪੱਕੇ ਤੌਰ 'ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।