
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖਿਆ, ਖੇਡਾਂ ਅਤੇ ਸਕੂਲ ਵਿਕਾਸ ਨੂੰ ਸਮਰਪਿਤ ਹੈ ਮਨੀਸ਼ਾ ਭਾਟੀਆ

-ਕਿਹਾ, ਸਕੂਲ ਦੀ ਨੁਹਾਰ ਬਦਲਣ ਲਈ ਲਗਾਏ ਇਕ ਕਰੋੜ ਰੁਪਏ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਇੱਕ ਸਮਰਪਿਤ ਅਧਿਆਪਕ ਦੀ ਸੋਚ, ਮਿਹਨਤ ਅਤੇ ਦੂਰਦਰਸ਼ੀ ਅਗਵਾਈ ਸਕੂਲ ਅਤੇ ਵਿਦਿਆਰਥੀਆਂ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਸਿੱਖਿਆ ਦੇ ਖੇਤਰ ਵਿੱਚ ਸਮਰਪਿਤ ਸੇਵਾਵਾਂ ਨਿਭਾ ਰਹੀ ਮਨੀਸ਼ਾ ਭਾਟੀਆ, ਸੈਂਟਰ ਮੁੱਖ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਨੂਰਵਾਲਾ, ਬਲਾਕ ਮਾਂਗਟ-2, ਲੁਧਿਆਣਾ ਨੇ ਸਕੂਲ ਵਿਕਾਸ, ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ, ਖੇਡਾਂ ਅਤੇ ਸਮਾਜਿਕ ਸਹਿਯੋਗ ਦੇ ਖੇਤਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਨ੍ਹਾਂ ਨੇ ਸਿੱਖਿਆ ਪ੍ਰੋਵਾਈਡਰ ਦੇ ਅਹੁਦੇ ਤੋਂ ਸੈਂਟਰ ਮੁੱਖ ਅਧਿਆਪਕਾ ਤੱਕ ਦਾ ਸਫ਼ਰ ਆਪਣੀ ਮਿਹਨਤ, ਲਗਨ ਅਤੇ ਸਮਰਪਣ ਨਾਲ ਬਾਖੂਬੀ ਤੈਅ ਕੀਤਾ ਹੈ। ਸਕੂਲ ਵਿੱਚ ਬਿਹਤਰ ਸਹੂਲਤਾਂ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਉਨ੍ਹਾਂ ਵੱਲੋਂ ਦਾਨੀ ਸੱਜਣਾਂ ਦਾ ਸਹਿਯੋਗ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਸਦਕਾ ਸਕੂਲ ਦੀ ਨਵੀਂ ਇਮਾਰਤ ਅਤੇ ਇੰਫਰਾਸਟਰਕਚਰ ਦੇ ਨਿਰਮਾਣ ਤੇ ਵਿਕਾਸ ਲਈ ਲਗਭਗ ਇੱਕ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਵਿਦਿਆਰਥੀਆਂ ਨੂੰ ਸੁੰਦਰ, ਸੁਰੱਖਿਅਤ ਅਤੇ ਬਿਹਤਰ ਸਿੱਖਣ ਵਾਲਾ ਵਾਤਾਵਰਨ ਮਿਲਿਆ ਹੈ। ਦਾਖ਼ਲਾ ਵਧਾਉਣ ਦੇ ਖੇਤਰ ਵਿੱਚ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਵਿਸ਼ੇਸ਼ ਹਨ। ਸਾਲ 2019-20 ਵਿੱਚ ਸੈਂਟਰ ਅਧੀਨ ਸਰਕਾਰੀ ਸਕੂਲਾਂ ਦਾ ਕੁੱਲ ਦਾਖਲਾ 1669 ਸੀ, ਜੋ ਸਾਲ 2025-26 ਵਿੱਚ ਵੱਧ ਕੇ 4793 ਹੋ ਗਿਆ। ਇਹ ਮਹੱਤਵਪੂਰਨ ਵਾਧਾ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਵਧ ਰਹੇ ਵਿਸ਼ਵਾਸ ਅਤੇ ਦਾਖਲਾ ਮੁਹਿੰਮ ਲਈ ਕੀਤੇ ਗਏ ਨਿਰੰਤਰ ਯਤਨਾਂ ਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਸਿੱਖਿਆ ਅਤੇ ਸਕੂਲ ਵਿਕਾਸ ਪ੍ਰਤੀ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਵਲੋਂ ਖੇਡਾਂ ਦੇ ਖੇਤਰ ਵਿੱਚ ਹਰ ਸਾਲ ਸੈਂਟਰ ਪੱਧਰੀ ਖੇਡਾਂ ਦਾ ਸ਼ਾਨਦਾਰ ਅਤੇ ਸੁਚੱਜਾ ਪ੍ਰਬੰਧ ਕੀਤਾ ਜਾਂਦਾ ਹੈ। ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਬੱਚਿਆਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਦੇ ਯੋਗ ਬਣਾਉਣ ਲਈ ਸਕੂਲ ਵਿੱਚ ਖੇਡ ਦਾ ਮੈਦਾਨ ਵੀ ਤਿਆਰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਯੋਗ ਮੌਕੇ ਅਤੇ ਸੁਵਿਧਾਵਾਂ ਮਿਲ ਸਕਣ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਅਧਿਆਪਕਾਂ ਨੂੰ ਬਤੌਰ ਰਿਸੋਰਸ ਪਰਸਨ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’, ਮਿਸ਼ਨ ਸਮਰੱਥ, ਬੁਨਿਆਦੀ ਸਾਖਰਤਾ ਤੇ ਸੰਖਿਆ ਗਿਆਨ, ਕੁਸ਼ਲਤਾ-ਆਧਾਰਿਤ ਸਿੱਖਿਆ ਆਦਿ ਸਬੰਧੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਰਹੀਆਂ ਹਨ। ਅਧਿਆਪਕਾਂ ਦੀ ਕਿੱਤਾਮਈ ਸਮਰੱਥਾ ਨੂੰ ਨਿਖਾਰਨ ਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪਹੁੰਚਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਸੈਂਟਰ ਅਧੀਨ ਆਉਂਦੇ ਸਕੂਲਾਂ ਦੇ ਵਿਕਾਸ ਲਈ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਪੰਚਾਇਤ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਸਕੂਲਾਂ ਦੀਆਂ ਲੋੜਾਂ, ਵਿਦਿਆਰਥੀਆਂ ਦੀ ਬਿਹਤਰੀ ਤੇ ਸਕੂਲਾਂ ਦੀ ਤਰੱਕੀ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਂਦੇ ਹਨ।ਸਿੱਖਿਆ, ਖੇਡਾਂ ਅਤੇ ਸਕੂਲ ਵਿਕਾਸ ਪ੍ਰਤੀ ਉਨ੍ਹਾਂ ਦੀ ਦੂਰਦਰਸ਼ੀ ਸੋਚ ਤੇ ਨਿਰੰਤਰ ਮਿਹਨਤ ਸਦਕਾ ਵਿਦਿਆਰਥੀਆਂ ਨੂੰ ਬਿਹਤਰ ਮੌਕੇ ਮਿਲ ਰਹੇ ਹਨ ਅਤੇ ਸਕੂਲ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ। ਸੱਚਮੁੱਚ ਨਿੱਕੀ ਉਮਰੇ ਵੱਡੇ ਕੰਮ ਕਰਨ ਵਾਲੀ ਅਧਿਆਪਕਾ ਮਨੀਸ਼ਾ ਭਾਟੀਆ ਨੂੰ ਕੁਦਰਤ ਹਮੇਸ਼ਾ ਤੰਦਰੁਸਤ ਰੱਖੇ ਤਾਂ ਜੋ ਉਹ ਸਮਾਜ ਨੂੰ ਬਿਹਤਰ ਬਣਾਉਣ ਲਈ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਉਂਦੇ ਰਹਿਣ।