
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਦਾ ਦਾਨੀ ਭੈਣਾਂ ਨੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰਿਸ਼ਤੇ ਦੀਆਂ ਤੰਦਾਂ ਨੂੰ ਕੀਤਾ ਹੋਰ ਮਜ਼ਬੂਤ

ਗੁਰਦਾ ਦਾਨੀ ਭੈਣਾਂ ਨੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰਿਸ਼ਤੇ ਦੀਆਂ ਤੰਦਾਂ ਨੂੰ ਕੀਤਾ ਹੋਰ ਮਜ਼ਬੂਤ
ਫੋਟੋ ਨੰਬਰ-16,17,20
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਆਮ ਤੌਰ ‘ਤੇ ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਉਮਰ ਭਰ ਲਈ ਆਪਣਾ ਸਹਾਰਾ ਬਣ ਕੇ ਰਹਿਣ ਲਈ ਇੱਛਾ ਰੱਖਦੀਆਂ ਹਨ ਪਰ ਹੁਣ ਸਮਾਜ ਬਦਲ ਰਿਹਾ ਹੈ। ਹੁਣ ਭਰਾ ਵੀ ਇੱਛਾ ਰੱਖਦੇ ਹਨ ਕਿ ਉਨ੍ਹਾਂ ਦੀਆਂ ਭੈਣਾਂ ਦੁੱਖ ਸੁੱਖ ਵੇਲੇ ਨਾਲ ਖੜ੍ਹੀਆਂ ਰਹਿਣ ।ਅਜਿਹੀਆਂ ਕਹਾਣੀਆਂ ਹੁਣ ਸਾਹਮਣੇ ਆ ਰਹੀਆਂ ਹਨ। ਫੌਜੀ ਜਵਾਨਾਂ ਅਤੇ ਕੈਦੀਆਂ ਦੇ ਰੱਖੜੀਆਂ ਬੰਨ੍ਹਣ ਦਾ ਸਿਲਸਿਲਾ ਆਮ ਤੌਰ ’ਤੇ ਪ੍ਰਚਲਿਤ ਹੈ ਪਰ ਹੁਣ ਸਮਾਜ ’ਚ ਕੁਝ ਅਜਿਹੀਆਂ ਬਹਾਦਰ ਅਤੇ ਰਿਸ਼ਤਿਆਂ ਦੀ ਭਾਵਨਾ ਨੂੰ ਲੈ ਕੇ ਜਜ਼ਬਾਤੀ ਭੈਣਾਂ ਵੀ ਹਨ, ਜਿਨ੍ਹਾਂ ਨੇ ਭਰਾਵਾਂ ਨੂੰ ਅੰਗਦਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਹੈ। ਬਹੁਤ ਸਾਰੇ ਅਜਿਹੇ ਮਰੀਜ਼ ਹਨ, ਜਿਨ੍ਹਾਂ ਦੇ ਗੁਰਦੇ ਫੇਲ੍ਹ ਹੋਣ ਕਾਰਨ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ। ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਭਰਾਵਾਂ ਦੀ ਜਾਨ ਬਚਾਉਣ ਦਾ ਵਾਅਦਾ ਨਿਭਾਉਂਦਿਆਂ ਉਨ੍ਹਾਂ ਦੀਆਂ ਭੈਣਾਂ ਨੇ ਆਪਣਾ ਗੁਰਦਾ ਦਾਨ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ।
ਇਕਾਈ ਹਸਪਤਾਲ ਵਿਚ ਮਨਾਏ ਗਏ ਰੱਖੜੀ ਤਿਉਹਾਰ ਸਮਾਗਮ ਦੌਰਾਨ ਆਪਣੇ ਭਰਾਵਾਂ ਨੂੰ ਗੁਰਦਾ ਦਾਨ ਦੇ ਕੇ ਜਾਨ ਬਚਾਉਣ ਵਾਲੀਆਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹੀ। ਜਿਨ੍ਹਾਂ ਵੀਰਾਂ-ਭੈਣਾਂ ਨੇ ਗੁਰਦਾ ਦਾਨ ਕਰਕੇ ਆਪਣੇ ਲਾਡਲੇ ਵੀਰ ਜਾਂ ਭੈਣ ਦੀ ਜਾਨ ਬਚਾਈ ਸੀ, ਉਨ੍ਹਾਂ ਨੂੰ ਹਸਪਤਾਲ ਵੱਲੋਂ ਇਸ ਸਮਾਗਮ ਵਿੱਚ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਆਪਣਾ ਗੁਰਦਾ ਦਾਨ ਕਰਕੇ ਆਪਣੇ ਭਰਾ ਦਵਿੰਦਰ ਸਿੰਘ ਦੀ ਜਾਨ ਬਚਾਉਣ ਵਾਲੀ ਭੈਣ ਪਰਮਜੀਤ ਕੌਰ ਸੇਖੋਂ, ਗੁਰਦਾ ਦਾਨ ਕਰਕੇ ਭੈਣ ਅਮਨਦੀਪ ਕੌਰ ਦੀ ਜਾਨ ਬਚਾਉਣ ਵਾਲੇ ਕੈਨੇਡਾ ਨਿਵਾਸੀ ਭਰਾ ਅਰਸ਼ਦੀਪ ਸਿੰਘ, ਗੁਰਦਾ ਦਾਨ ਕਰਕੇ ਭਰਾ ਜਸਵੀਰ ਸਿੰਘ ਦੀ ਜਾਨ ਬਚਾਉਣ ਵਾਲੀ ਭੈਣ ਮਨਦੀਪ ਕੌਰ, ਗੁਰਦਾ ਦਾਨ ਕਰਕੇ ਭਰਾ ਜਸਪਾਲ ਸਿੰਘ ਦੀ ਜਾਨ ਬਚਾਉਣ ਵਾਲੀ ਭੈਣ ਗੁਰਮੀਤ ਕੌਰ, ਗੁਰਦਾ ਦੇ ਕੇ ਆਪਣੇ ਭਰਾ ਡਾ. ਰਵੀ ਖੇੜਾ ਦੀ ਜਾਨ ਬਚਾਉਣ ਵਾਲੀ ਭੈਣ ਸੁਨੀਤਾ ਖੇੜਾ ਅਤੇ ਭਰਾ ਜਸਵਿੰਦਰ ਸਿੰਘ ਨੂੰ ਗੁਰਦਾ ਦਾਨ ਦੇ ਕੇ ਜਾਨ ਬਚਾਉਣ ਵਾਲੀ ਭੈਣ ਮਨਿੰਦਰ ਕੌਰ ਨੇ ਰੱਖੜੀ ਬੰਨ੍ਹ ਕੇ ਤਿਓਹਾਰ ਮਨਾਇਆ। ਗੁਰਦਾ ਲੈਣ ਵਾਲੇ ਭਰਾਵਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਭਰਾ ਇਸ ਦਿਨ ਰੱਖੜੀ ਬੰਨ੍ਹਵਾ ਕੇ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ, ਉੱਥੇ ਹੀ ਉਨ੍ਹਾਂ ਦੀਆਂ ਭੈਣਾਂ ਨੇ ਆਪਣੇ ਗੁਰਦੇ ਦਾਨ ਕਰਕੇ ਆਪਣੇ ਭਰਾਵਾਂ ਨੂੰ ਨਵਾਂ ਜੀਵਨ ਦਿੱਤਾ ਹੈ।
ਕੈਨੇਡਾ ਰਹਿੰਦੇ ਭਰਾ ਅਰਸ਼ਦੀਪ ਸਿੰਘ ਨੇ ਆਪਣੀ ਭੈਣ ਅਮਨਦੀਪ ਕੌਰ ਨੂੰ ਗੁਰਦਾ ਦੇ ਕੇ ਉਸ ਦੀ ਰੱਖਿਆ ਕਰਨ ਦਾ ਵਾਅਦਾ ਪੂਰਾ ਕੀਤਾ ਹੈ। ਅਮਨਦੀਪ ਕੌਰ ਨੇ ਦੱਸਿਆ ਕਿ ਉਹ ਅੱਜ 10 ਸਾਲਾਂ ਬਾਅਦ ਆਪਣੇ ਭਰਾ ਨੂੰ ਰੱਖੜੀ ਬੰਨ ਰਹੇ ਹਨ। ਇਸ ਮੌਕੇ ਡਾ. ਬਲਦੇਵ ਸਿੰਘ ਔਲਖ ਨੇ ਕਿਹਾ ਕਿ ਰੱਖੜੀ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਹੈ। ਅੱਜ ਇਨ੍ਹਾਂ ਭੈਣਾਂ ਨੇ ਸਾਨੂੰ ਦਿਖਾਇਆ ਹੈ ਕਿ ਭੈਣਾਂ ਦਾ ਪਿਆਰ ਸਿਰਫ ਰੱਖੜੀ ਦੇ ਧਾਗੇ ਤੱਕ ਸੀਮਤ ਨਹੀਂ ਹੈ, ਸਗੋਂ ਲੋੜ ਪੈਣ ’ਤੇ ਭੈਣ ਆਪਣੇ ਸਰੀਰ ਦਾ ਅੰਗ ਦੇ ਕੇ ਵੀ ਆਪਣੇ ਭਰਾ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ। ਨਿਰਧਾਰਤ ਨਿਯਮਾਂ ਅਨੁਸਾਰ ਕੀਤਾ ਗੁਰਦਾ ਦਾਨ, ਸਹੀ ਮੈਡੀਕਲ ਟੈਸਟ, ਕੌਂਸਲਿੰਗ ਤੇ ਨਿਯਮਾਂ ਦੀ ਪਾਲਣਾ ਕਰਨਾ ਮਰੀਜ਼ ਤੇ ਉਸ ਦੇ ਸਮੁੱਚੇ ਪਰਿਵਾਰ ਲਈ ਨਵੀਂ ਆਸ ਬਣ ਸਕਦਾ ਹੈ। ਇਸ ਮੌਕੇ ਗੁਰਦਾ-ਦਾਨ ਕਰਨ ਵਾਲੀਆਂ ਭੈਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭੈਣਾਂ ਤੇ ਭਰਾਵਾਂ ਨੇ ਇੱਕ ਦੂਜੇ ਨਾਲ ਰੱਖੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਹਸਪਤਾਲ ਸਟਾਫ ਲਈ ਵੀ ਇਹ ਪਲ ਬਹੁਤ ਭਾਵੁਕ ਸੀ। ਗੁਰਦਾ ਦਾਨ ਕਰਨ ਵਾਲਿਆਂ ਨੇ ਰੱਖੜੀ ਦੇ ਤਿਉਹਾਰ ਮਨਾਉਂਦਿਆਂ ਸੁਨੇਹਾ ਦਿੱਤਾ ਕਿ ਇਹ ਸਿਰਫ਼ ਰੱਖੜੀ ਨਹੀਂ, ਜੀਵਨ ਦਾ ਤੋਹਫ਼ਾ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਮਰੀਜ਼ਾਂ ਨੂੰ ਆਪਣੇ ਸਰੀਰਕ ਅੰਗ ਦੇ ਕੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਅੰਗ ਦਾਨ ਕਰਨ ਸਬੰਧੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
-