
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਵਿੱਚ ਹਰ ਸਾਲ ਲਗਭਗ 15.6 ਲੱਖ ਕੈਂਸਰ ਤੋਂ ਪ੍ਰਭਾਵਿਤ ਮਰੀਜ਼ -ਡਾ ਸੰਦੀਪ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤ ਵਿੱਚ ਕੈਂਸਰ ਦੇ ਵਧਦੇ ਮਾਮਲਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਾਰਕ ਹਸਪਤਾਲ ਦੇ ਡਾਇਰੈਕਟਰ ਮੈਡੀਕਲ ਓਨਕੋਲੋਜੀ, ਡਾ. ਸੰਦੀਪ ਕੱਕੜ ਨੇ ਦੱਸਿਆ ਕਿ ਭਾਰਤ ’ਚ ਲਗਭਗ 30 ਲੱਖ ਲੋਕ ਕੈਂਸਰ ਤੋਂ ਪੀੜਤ ਹਨ ਜਦਕਿ ਦੇਸ਼ ’ਚ ਹਰ ਸਾਲ ਲਗਭਗ 15.6 ਲੱਖ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 8.7 ਲੱਖ ਲੋਕਾਂ ਦੀ ਹਰ ਸਾਲ ਕੈਂਸਰ ਨਾਲ ਮੌਤ ਹੁੰਦੀ ਹੈ। ਔਰਤਾਂ ਵਿੱਚ ਛਾਤੀ ਦਾ ਕੈਂਸਰ (ਬ੍ਰੈਸਟ ਕੈਂਸਰ) ਅਤੇ ਸਰਵਾਈਕਲ ਕੈਂਸਰ, ਜਦੋਂ ਕਿ ਮਰਦਾਂ ’ਚ ਫੇਫੜਿਆਂ ਅਤੇ ਲਿਵਰ ਦਾ ਕੈਂਸਰ ਮੁੱਖ ਤੌਰ 'ਤੇ ਪਾਇਆ ਜਾਂਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ ਹੈ। ਪਹਿਲਾਂ ਬ੍ਰੈਸਟ ਕੈਂਸਰ ਮੁੱਖ ਤੌਰ 'ਤੇ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਪਾਇਆ ਜਾਂਦਾ ਸੀ, ਜਦੋਂ ਕਿ ਹੁਣ ਘੱਟ ਉਮਰ ਵਰਗ ਵਿੱਚ ਵੀ ਇਸ ਦੇ ਮਾਮਲੇ ਵਧ ਰਹੇ ਹਨ। ਵਰਤਮਾਨ ਵਿੱਚ ਬ੍ਰੈਸਟ ਕੈਂਸਰ ਦੇ ਲਗਭਗ 50 ਫ਼ੀਸਦੀ ਮਾਮਲੇ 25 ਤੋਂ 50 ਸਾਲ ਦੀ ਉਮਰ ਵਰਗ ਵਿੱਚ ਸਾਹਮਣੇ ਆ ਰਹੇ ਹਨ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ 70 ਫ਼ੀਸਦੀ ਤੋਂ ਵੱਧ ਮਾਮਲੇ ਐਡਵਾਂਸ ਸਟੇਜ ਵਿੱਚ ਸਾਹਮਣੇ ਆਉਣ ਕਰਕੇ ਇਲਾਜ ਦੀ ਸਫਲਤਾ ਪ੍ਰਭਾਵਿਤ ਹੁੰਦੀ ਹੈ ਤੇ ਮੌਤ ਦਰ ਵਧਦੀ ਹੈ। ਡਾ. ਸੰਦੀਪ ਨੇ ਕਿਹਾ ਕਿ ਕੈਂਸਰ ਦੇ ਲਗਭਗ ਇੱਕ-ਚੌਥਾਈ ਤੋਂ ਇਕ-ਤਿਹਾਈ ਮਾਮਲਿਆਂ ਨੂੰ ਜੀਵਨਸ਼ੈਲੀ ’ਚ ਹਾਂਪੱਖੀ ਬਦਲਾਅ ਰਾਹੀਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਖੁਰਾਕ ਅਪਣਾਉਣ, ਨਿਯਮਤ ਕਸਰਤ ਕਰਨ,ਤੰਬਾਕੂ ਅਤੇ ਸ਼ਰਾਬ ਤੋਂ ਬਚਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਮਰਦਾਂ ਵਿੱਚ ਮੁੱਖ ਪੰਜ ਕੈਂਸਰਾਂ ’ਚ ਫੇਫੜੇ, ਪ੍ਰੋਸਟੇਟ, ਕੋਲੋਰੈਕਟਲ, ਪੇਟ ਤੇ ਲਿਵਰ ਕੈਂਸਰ, ਜਦਕਿ ਔਰਤਾਂ ਵਿੱਚ ਬ੍ਰੈਸਟ, ਕੋਲੋਰੈਕਟਲ, ਫੇਫੜੇ, ਸਰਵਾਈਕਲ ਅਤੇ ਪੇਟ ਦੇ ਕੈਂਸਰ ਮੁੱਖ ਹਨ।
ਇਸੇ ਤਰ੍ਹਾਂ ਛਾਤੀ ਦਾ ਐਕਸ-ਰੇ ਅਤੇ ਪੀਐੱਸਏ ਵਰਗੀਆਂ ਜਾਂਚਾਂ ਵੀ ਸੰਬੰਧਿਤ ਕੈਂਸਰ ਦੀ ਸ਼ੁਰੂਆਤੀ ਪਛਾਣ ਵਿੱਚ ਸਹਾਇਕ ਹੋ ਸਕਦੀਆਂ ਹਨ। ਕੈਂਸਰ ਦੇ ਇਲਾਜ ’ਚ ਰੋਬੋਟਿਕ ਤੇ ਲੈਪਰੋਸਕੋਪਿਕ ਸਰਜਰੀ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਵਧ ਰਹੀ ਹੈ। ਭੋਜਨ ਨਲੀ, ਪੇਟ, ਅਗਨਿਆਸ਼ੈ (ਪੈਨਕ੍ਰਿਆਜ਼), ਗਰਭਾਸ਼ਯ ਤੇ ਮਲਾਸ਼ਯ ਸਮੇਤ ਵੱਖ-ਵੱਖ ਅੰਗਾਂ ਦੇ ਟਿਊਮਰ ਦੀ ਸਰਜਰੀ ’ਚ ਇਹਨਾਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੈਂਸਰ ਇਲਾਜ ’ਚ ਹੋਈ ਨਵੀਂ ਪ੍ਰਗਤੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਮਿਊਨੋਥੈਰੇਪੀ ਤੇ ਟਾਰਗੈਟਡ ਥੈਰੇਪੀ ਵਰਗੇ ਆਧੁਨਿਕ ਇਲਾਜਾਂ ਨੇ ਕੈਂਸਰ ਦੇ ਇਲਾਜ ’ਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਇਨ੍ਹਾਂ ਇਲਾਜਾਂ ਰਾਹੀਂ ਕੈਂਸਰ ਸੈੱਲਾਂ ਨੂੰ ਵਧੇਰੇ ਸਟੀਕ ਢੰਗ ਨਾਲ ਨਿਸ਼ਾਨਾ ਬਣਾਉਣ ’ਚ ਮਦਦ ਮਿਲਦੀ ਹੈ। ਛਾਤੀ ਵਿੱਚ ਗੰਢ, ਛਾਤੀ ਦੀ ਚਮੜੀ ਦਾ ਮੋਟਾ ਹੋਣਾ, ਲਾਲੀ ਜਾਂ ਸੋਜ, ਨਿੱਪਲ ਦਾ ਅੰਦਰ ਵੱਲ ਧਸਣਾ, ਨਿਪਲ ਤੋਂ ਅਸਾਧਾਰਨ ਰਿਸਾਅ (ਡਿਸਚਾਰਜ) ਤੇ ਬਗਲ ’ਚ ਗੰਢ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉੱਥੇ ਸਰਵਾਈਕਲ ਕੈਂਸਰ ਦੇ ਸੰਭਾਵੀ ਲੱਛਣਾਂ ਵਿੱਚ ਯੋਨੀ ਤੋਂ ਅਸਾਧਾਰਨ ਖੂਨ ਵਹਿਣਾ, ਬਦਬੂਦਾਰ ਰਿਸਾਅ ਅਤੇ ਸੰਭੋਗ ਤੋਂ ਬਾਅਦ ਖੂਨ ਵਹਿਣਾ ਸ਼ਾਮਲ ਹਨ। ਕਿਸੇ ਵੀ ਅਸਾਧਾਰਨ ਲੱਛਣ ਦੀ ਸਥਿਤੀ ਵਿੱਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।