
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਸੀ ਸਮਾਗਮਾਂ ’ਚ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਕੀਤਾ ਧੰਨਵਾਦ

-ਬਰਸੀ ਸਮਾਗਮਾਂ ’ਚ ਸਹਿਯੋਗ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਤੇ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬ੍ਰਹਮ ਗਿਆਨੀ ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਬੰਧੀ ਕਰਵਾਏ ਸਮਾਗਮਾਂ ਦੀ ਸਫਲਤਾ ਲਈ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵੱਲੋਂ ਸਮੂਹ ਸੰਗਤ, ਕੀਰਤਨੀਏ, ਕਥਾਵਾਚਕਾਂ, ਵਿਦਿਆਰਥੀਆਂ, ਪ੍ਰਬੰਧਕਾਂ ਤੇ ਨਿਸ਼ਕਾਮ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। 15 ਅਗਸਤ ਤੋਂ ਲੈ ਕੇ ਬਰਸੀ ਸਮਾਗਮਾਂ ਦੀ ਸਮਾਪਤੀ ਤਕ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸ਼ਰਧਾ ਤੇ ਸਮਰਪਣ ਨਾਲ ਵੱਖ-ਵੱਖ ਸੇਵਾਵਾਂ ਨਿਭਾਈਆਂ। ਕਿਸੇ ਨੇ ਨਾਮ ਸਿਮਰਨ ’ਚ ਸੰਗਤ ਨੂੰ ਜੋੜਿਆ, ਕਿਸੇ ਨੇ ਗੁਰਬਾਣੀ ਕੀਰਤਨ ਤੇ ਕਥਾ ਦੀ ਸੇਵਾ ਕੀਤੀ, ਜਦਕਿ ਕਈ ਸੇਵਾਦਾਰਾਂ ਨੇ ਆਈਆਂ ਸੰਗਤ ਦਾ ਸਵਾਗਤ ਕਰਨ, ਮੈਡੀਕਲ ਕੈਂਪ ਲਾਉਣ, ਸਾਹਿਤ ਵੰਡਣ ਤੇ ਹੋਰ ਪ੍ਰਬੰਧਕੀ ਕੰਮਾਂ ’ਚ ਆਪਣਾ ਯੋਗਦਾਨ ਪਾਇਆ।
ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਬਰਸੀ ਸਮਾਗਮਾਂ ਨੂੰ ਨਿਰੰਤਰ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸੇਵਾਦਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਇਹ ਧਰਮੀ ਸੇਵਾਦਾਰ ਜਵੱਦੀ ਟਕਸਾਲ ਦਾ ਮਾਣ ਹਨ ਤੇ ਇਨ੍ਹਾਂ ਦੀ ਨਿਸ਼ਕਾਮ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ। ਉਨ੍ਹਾਂ ਸਮੂਹ ਸੇਵਾਦਾਰਾਂ ਤੇ ਸੰਗਤ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਮਹਾਂਪੁਰਸ਼ਾਂ ਵੱਲੋਂ ਪ੍ਰਚੱਲਿਤ ਗੁਰਮਤਿ ਤੇ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਭਵਿੱਖੀ ਪੀੜ੍ਹੀਆਂ ਤਕ ਪਹੁੰਚਾਉਣ ਲਈ ਜਵੱਦੀ ਟਕਸਾਲ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਜਾਰੀ ਰਹੇਗਾ।
ਇਸ ਮੌਕੇ ਭਾਈ ਬਲਜਿੰਦਰ ਸਿੰਘ ਗਿੱਲ ਨੇ ਜਵੱਦੀ ਟਕਸਾਲ ਨਾਲ ਬਿਤਾਏ ਆਪਣੇ ਸਮੇਂ ਤੇ ਇੱਥੋਂ ਪ੍ਰਾਪਤ ਕੀਤੀ ਸਿੱਖਿਆ ਨੂੰ ਯਾਦ ਕਰਦਿਆਂ ਕਿਹਾ ਕਿ ਜਵੱਦੀ ਟਕਸਾਲ ਨਾਲ ਜੁੜੇ ਹਰ ਵਿਦਿਆਰਥੀ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਅਜਿਹੀ ਸੰਸਥਾ ਦਾ ਹਿੱਸਾ ਹੈ, ਜਿਸ ਦਾ ਮੁੱਖ ਉਦੇਸ਼ ਗੁਰਮਤਿ ਵਿਚਾਰਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਜੀਵਨ ਨੂੰ ਨਿਖਾਰਨਾ ਤੇ ਇਸ ਨੂੰ ਆਦਰਸ਼ ਬਣਾਉਣਾ ਹੈ।