
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਤਰ ਦੀ ਕਲਮ, ਸ਼ਖ਼ਸੀਅਤ ’ਤੇ ਸਾਹਿਤਕ ਵਿਰਾਸਤ ਨੂੰ ਕੀਤਾ ਯਾਦ

-ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਹੋਇਆ ਵਿਸ਼ੇਸ਼ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਦੇ ਉੱਘੇ ਸ਼ਾਇਰ, ਵਿਦਵਾਨ, ਚਿੰਤਕ ਤੇ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਲੁਧਿਆਣਾ ਦੇ ਅਧਿਆਪਕ ਰਹੇ ਪਦਮਸ਼੍ਰੀ ਡਾ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਵੀਰਵਾਰ ਨੂੰ ਯੂਨਵਿਰਸਿਟੀ ਸਥਿਤ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਸਮਾਗਮ ’ਚ ਇਕੱਤਰ ਅਧਿਆਪਕਾਂ, ਵਿਦਿਆਰਥੀਆਂ ਤੇ ਮਹਿਮਾਨਾਂ ਦਾ ਚੇਅਰ ਵੱਲੋਂ ਸਵਾਗਤ ਕਰਦਿਆਂ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਨੇ ਲੰਮਾਂ ਸਮਾਂ ਇਸ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਨਾਲ ਨਾਲ ਇੱਥੋਂ ਦੇ ਵਿਦਿਆਰਥੀਆਂ ਨੂੰ ਸ਼ਬਦ ਸਭਿਆਚਾਰ ਨਾਲ ਜੋੜ ਕੇ ਸੋਹਜ ਰਾਹਾਂ ’ਤੇ ਤੋਰਿਆ ਹੈ। ਇਸ ਧਰਤੀ ’ਤੇ ਡਾ. ਪਾਤਰ ਦੀਆਂ ਪੈੜਾਂ ਹਮੇਸ਼ਾ ਸਾਨੂੰ ਉਸਾਰੂ ਰਾਹ ਦਿਖਾਉਂਦੀਆਂ ਰਹਿਣਗੀਆਂ।
ਡਾ. ਜੌੜਾ ਨੇ ਕਿਹਾ ਪੀਏਯੂ ਪਰਿਵਾਰ ਦਾ ਹਰ ਮੈਂਬਰ ਹਮੇਸ਼ਾ ਇਸ ਗੱਲ ’ਤੇ ਮਾਣ ਮਹਿਸੂਸ ਕਰਦਾ ਹੈ ਕਿ ਡਾ. ਪਾਤਰ ਇਸ ਯੂਨੀਵਰਸਿਟੀ ਦਾ ਹਿੱਸਾ ਰਹੇ ਹਨ। ਭਵਿੱਖ ’ਚ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਡਾ ਪਾਤਰ ਦੀ ਸਮੁੱਚੀ ਸ਼ਖ਼ਸੀਅਤ ਦੀ ਚਰਚਾ ਹੁੰਦੀ ਰਹੇਗੀ। ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਵੀ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਡਾ. ਪਾਤਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਕੀਤੀ। ਪਸਾਰ ਸਿਖਿਆ ਵਿਭਾਗ ਦੇ ਪੀਐੱਚਡੀ ਕਰ ਰਹੇ ਵਿਦਿਅਰਥੀ ਹਰਮਨਜੋਤ ਸਿੰਘ ਮਾਨ ਨੇ ਸੁਰਜੀਤ ਪਾਤਰ ਬਾਰੇ ਆਪਣੀ ਲਿਖੀ ਕਵਿਤਾ ‘ਪਾਤਰ ਤੂੰ ਸੁਰਜੀਤ ਰਹੇਂਗਾ’ ਪੇਸ਼ ਕਰਦਿਆਂ ਇੱਕ ਵਿਦਿਆਰਥੀ ਦੇ ਤੌਰ ’ਤੇ ਭਾਵਨਾਵਾਂ ਸਾਂਝੀਆਂ ਕੀਤੀਆਂ।
ਦਿਲਾਵਰ ਸਿੰਘ, ਅਨੁਵੇਸ਼ ਰਿਖੀ ਅਤੇ ਹੋਰ ਵਿਦਿਅਰਥੀਆਂ ਵੱਲੋਂ ਸੁਰਜੀਤ ਪਾਤਰ ਦੀਆਂ ਲਿਖਤਾਂ ਦੇ ਨੌਜਵਾਨ ਪੀੜੀ ’ਤੇ ਪ੍ਰਭਾਵ ਬਾਰੇ ਆਪਣੇ ਵਿਚਾਰ ਦੱਸੇ ਗਏ। ਸਭ ਦਾ ਧੰਨਵਾਦ ਕਰਦਿਆਂ ਸਹਿਯੋਗੀ ਨਿਰਦੇਸ਼ਕ (ਸਭਿਆਚਾਰ) ਡਾ ਰੁਪਿੰਦਰ ਕੌਰ ਨੇ ਕਿਹਾ ਡਾ ਸੁਰਜੀਤ ਪਾਤਰ ਨੇ ਆਪਣੀ ਕਵਿਤਾ, ਅਨੁਵਾਦਕ ਨਾਟਕਾਂ ਅਤੇ ਗੀਤਾਂ ਰਾਹੀਂ ਪੰਜਾਬੀ ਦਾ ਝੰਡਾ ਪੂਰੀ ਦੁਨੀਆਂ ਵਿੱਚ ਬੁਲੰਦ ਕੀਤਾ ਹੈ ਜਿਸਦਾ ਮਾਣ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਨੂੰ ਵੀ ਮਿਲਦਾ ਹੈ। ਇਸ ਮੌਕੇ ਰਜ਼ਿਸਰਿੰਗ ਅਫਸਰ ਸਤਵੀਰ ਸਿੰਘ ਸਮੇਤ ਕਲਾ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।