
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਟਰ ਟ੍ਰੀਟਮੈਂਟ ਪਲਾਂਟ, ਓਵਰਹੈੱਡ ਸਰਵਿਸ ਰਿਜ਼ਰਵਾਇਰ ਅਤੇ ਪਾਈਪਲਾਈਨ ਕਾਰਜਾਂ ਦਾ ਨਿਰੀਖਣ

-ਆਈਆਈਟੀ ਰੁੜਕੀ ਦੀ 3 ਮੈਂਬਰੀ ਟੀਮ ਵੱਲੋਂ 48 ਫ਼ੀਸਦੀ ਤਰੱਕੀ ਦੀ ਸ਼ਲਾਘਾ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਨੂੰ ਨਹਿਰੀ ਪਾਣੀ ਰਾਹੀਂ ਸਾਫ਼ ਅਤੇ ਨਿਰਵਿਘਨ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਲੁਧਿਆਣਾ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਆਈਆਈਟੀ. ਰੁੜਕੀ ਦੀ ਤਿੰਨ ਮੈਂਬਰੀ ਮਾਹਿਰ ਟੀਮ ਨੇ ਦੋ ਦਿਨਾਂ ਤੱਕ ਤਕਨੀਕੀ ਸਮੀਖਿਆ ਕੀਤੀ। ਵਿਸ਼ਵ ਬੈਂਕ ਅਤੇ ਏਆਈਆਈਬੀ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਇਸ ਪ੍ਰੋਜੈਕਟ ਦੇ ਹੁਣ ਤੱਕ ਹੋਏ ਲਗਭਗ 48 ਫੀਸਦੀ ਕੰਮ ਦੀ ਤਰੱਕੀ ’ਤੇ ਮਾਹਿਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਆਈਏਐਸ. ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਲਾਗੂ ਕੀਤੇ ਜਾ ਰਹੇ ਇਸ ਪ੍ਰੋਜੈਕਟ ਦੀ ਸਮੀਖਿਆ ਕਰਨ ਵਾਲੀ ਟੀਮ ਵਿੱਚ ਸਿਵਲ ਇੰਜੀਨੀਅਰਿੰਗ ਵਿਭਾਗ, ਆਈਆਈਟੀ ਰੁੜਕੀ ਦੇ ਪ੍ਰੋਫੈਸਰ ਡਾ. ਸੁਦੀਪਤਾ ਸਰਕਾਰ, ਡਾ. ਰਾਜੀਬ ਚੌਧਰੀ ਅਤੇ ਡਾ. ਸੋਨਾਲੀਸਾ ਸ਼ਾਮਲ ਸਨ। ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ ਵੱਲੋਂ ਨਿਗਰਾਨ ਇੰਜੀਨੀਅਰ ਡਾ. ਪਾਰੁਲ ਗੋਇਲ ਅਤੇ ਪ੍ਰੋਜੈਕਟ ਮੈਨੇਜਰ ਇੰਜੀਨੀਅਰ ਗੁਰਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਤਕਨੀਕੀ ਅਧਿਕਾਰੀਆਂ ਅਤੇ ਕਾਰਜਕਾਰੀ ਏਜੰਸੀ ਦੇ ਨੁਮਾਇੰਦਿਆਂ ਨੇ ਵੀ ਸਮੀਖਿਆ ਵਿੱਚ ਹਿੱਸਾ ਲਿਆ। ਦੌਰੇ ਦੌਰਾਨ ਮਾਹਿਰ ਟੀਮ ਨੇ ਪਿੰਡ ਬਿਲਗਾ ਵਿਖੇ ਬਣ ਰਹੇ 580 ਐੱਮਐੱਲਡੀ. ਸਮਰੱਥਾ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ, ਵੱਖ-ਵੱਖ ਥਾਵਾਂ ’ਤੇ ਨਿਰਮਾਣ ਅਧੀਨ ਓਵਰਹੈੱਡ ਸਰਵਿਸ ਰਿਜ਼ਰਵਾਇਰ ਅਤੇ ਚੱਲ ਰਹੇ ਐਮ.ਐਸ. ਪਾਈਪਲਾਈਨ ਕਾਰਜਾਂ ਦਾ ਨਿਰੀਖਣ ਕੀਤਾ। ਮਾਹਿਰਾਂ ਨੇ ਨਿਰਮਾਣ ਕਾਰਜਾਂ ਦੀ ਤਰੱਕੀ, ਕੰਮ ਦੀ ਗੁਣਵੱਤਾ ਅਤੇ ਕਾਰਜ-ਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਦੌਰਾਨ ਇੰਜੀਨੀਅਰਾਂ ਅਤੇ ਸਾਈਟ ਟੀਮਾਂ ਨਾਲ ਤਕਨੀਕੀ ਚੁਣੌਤੀਆਂ ਅਤੇ ਜ਼ਮੀਨੀ ਪੱਧਰ ’ਤੇ ਆ ਰਹੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਟੀਮ ਨੇ ਇਹ ਵੀ ਜਾਂਚ ਕੀਤੀ ਕਿ ਨਿਰਮਾਣ ਕਾਰਜ ਮਨਜ਼ੂਰਸ਼ੁਦਾ ਨਕਸ਼ਿਆਂ, ਤਕਨੀਕੀ ਵਿਸ਼ੇਸ਼ਤਾਵਾਂ ਅਤੇ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਹੋ ਰਹੇ ਹਨ ਜਾਂ ਨਹੀਂ। ਮਾਹਿਰਾਂ ਵੱਲੋਂ ਕੰਮ ਦੀ ਕਾਰੀਗਰੀ ਅਤੇ ਨਿਰਮਾਣ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਲੋੜੀਂਦੇ ਤਕਨੀਕੀ ਸੁਝਾਅ ਵੀ ਦਿੱਤੇ ਗਏ। ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਲੁਧਿਆਣਾ ਦੀ ਪਾਣੀ ਸਪਲਾਈ ਵਿਵਸਥਾ ਨੂੰ ਮਜ਼ਬੂਤੀ ਮਿਲਣ ਅਤੇ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਲਈ ਸਾਫ਼ ਪੀਣ ਵਾਲਾ ਪਾਣੀ ਮਿਲਣ ਦੀ ਉਮੀਦ ਹੈ।