
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੱਧ ਵਰਗੀ ਤੇ ਗਰੀਬ ਲੋਕਾਂ ਦਾ ਗੁਜ਼ਾਰਾ ਹੋਇਆ ਮੁਸ਼ਕਿਲ-ਬੈਂਸ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਕੇਂਦਰ ਸਰਕਾਰ ਦੀਆਂ ਆਰਥਿਕ ਤੇ ਖੇਤੀਬਾੜੀ ਨੀਤੀਆਂ ਦਾ ਵਿਰੋਧ ਕਰਦਿਆਂ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ’ਚ ਵੱਧਦੀ ਮਹਿੰਗਾਈ ਨੇ ਖਪਤਕਾਰਾਂ ਤੇ ਘਰੇਲੂ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਬੈਂਸ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪ੍ਰਚੂਨ ਅਤੇ ਥੋਕ ਖੰਡ ਦੀਆਂ ਕੀਮਤਾਂ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਕੁੱਝ ਰਾਜਾਂ ਵਿੱਚ ਇਹ ਵਾਧਾ 50 ਪ੍ਰਤੀਸ਼ਤ ਤੱਕ ਪਹੁੰਚ ਚੁੱਕਾ ਹੈ। ਦੇਸ਼ ਦੇ 8 ਰਾਜਾਂ ਵਿੱਚ ਖੰਡ ਦੀਆਂ ਕੀਮਤਾਂ 65 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋ ਗਈਆਂ ਹਨ। ਪਿਛਲੇ ਸਿਰਫ਼ ਤਿੰਨ ਮਹੀਨੇ ’ਚ ਖੰਡ ਦੀਆਂ ਕੀਮਤਾਂ 48 ਰੁਪਏ ਤੋਂ ਵੱਧ ਕੇ 67 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਗੁੜ ਦੀਆਂ ਕੀਮਤਾਂ 50 ਰੁਪਏ ਤੋਂ ਵੱਧ ਕੇ 65 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਚੁੱਕੀਆਂ ਹਨ। ਕੇਂਦਰ ਦੀਆਂ ਖੰਡ ਨਿਰਯਾਤ ਅਤੇ ਈਥਾਨੌਲ ਉਤਪਾਦਨ ਸੰਬੰਧੀ ਨੀਤੀਆਂ 'ਤੇ ਸਵਾਲ ਚੁੱਕਦਿਆਂ ਬੈਂਸ ਨੇ ਕਿਹਾ ਪਹਿਲਾਂ ਨਿਰਯਾਤ, ਫਿਰ ਈਥਾਨੌਲ ਵੱਲ ਮੋੜ ਤੇ ਹੁਣ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਯਾਤ ਇਹ ਕਿਸ ਤਰ੍ਹਾਂ ਦੀ ਨੀਤੀ ਹੈ। ਉਨ੍ਹਾਂ ਵੱਧਦੀਆਂ ਖੁਰਾਕੀ ਕੀਮਤਾਂ ਨੂੰ ਸਰਕਾਰ ਦੀ ਈ20 ਈਥਾਨੌਲ-ਬਲੈਂਡਿੰਗ ਨੀਤੀ ਨਾਲ ਜੋੜਦਿਆਂ ਦੋਸ਼ ਲਾਇਆ ਕਿ ਇਹ ਨੀਤੀ ਘਰੇਲੂ ਬਜਟ ਅਤੇ ਆਵਾਜਾਈ ਲਾਗਤਾਂ ਦੋਵਾਂ 'ਤੇ ਆਰਥਿਕ ਦਬਾਅ ਪਾ ਰਹੀ ਹੈ। ਬੈਂਸ ਨੇ ਸਵਾਲ ਕੀਤਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਿਉਂ ਨਹੀਂ ਆਈ।