
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਸਾਰ ਪ੍ਰੋਗਰਾਮ ’ਚ ਸ਼ਾਮਲ ਹੋਏ 50 ਪ੍ਰਗਤੀਸ਼ੀਲ ਮੱਛੀ ਪਾਲਕ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਕਾਲਜ ਆਫ਼ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਰੋਦੀਆਂ ਵਿੱਚ ਜਸਵੀਰ ਸਿੰਘ ਔਜਲਾ ਦੇ ਮੱਛੀ ਫਾਰਮ ਵਿਖੇ ਇੱਕ ਬਹੁਮੰਤਵੀ ਮੱਛੀ ਪਾਲਣ ਪਸਾਰ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟਅੱਪ ਹੱਬ ਹੈਦਰਾਬਾਦ ਫਿਸ਼ਰੀਜ਼ ਵਿਭਾਗ ਪੰਜਾਬ ਅਤੇ ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ, ਪੰਜਾਬ ਦੇ ਸਹਿਯੋਗ ਨਾਲ ਹੋਇਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਕੁਆ ਰੀਚ ਪ੍ਰੋਗਰਾਮ ਨਾਲ ਹੋਈ ਜਿਸ ਅਧੀਨ ਮੱਛੀ ਪਾਲਕਾਂ ਨੂੰ ਟਿਕਾਊ ਆਰਥਿਕ ਵਾਧਾ ਲੈਣ ਲਈ ਕੁਸ਼ਲ ਸਰੋਤਾਂ ਨਾਲ ਜੁੜੇ ਆਮਦਨ ਪੈਦਾ ਕਰਨ ਵਾਲੇ ਜਲਜੀਵ ਪਾਲਣ ਮਾਡਲਾਂ ਨਾਲ ਸਿੱਖਿਅਤ ਕੀਤਾ ਜਾ ਸਕੇ। ਮੱਛੀ ਪਾਲਕ ਜਥੇਬੰਦੀ ਦੇ ਮੈਂਬਰਾਂ ਅਤੇ ਫਿਸ਼ਰੀਜ਼ ਕਾਲਜ ਦੇ 30 ਉਭਰਦੇ ਮੱਛੀ ਪਾਲਣ ਪੇਸ਼ੇਵਰਾਂ ਸਮੇਤ 50 ਪ੍ਰਗਤੀਸ਼ੀਲ ਮੱਛੀ ਪਾਲਕਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਕਾਲਜ ਦੀ ਵਿਗਿਆਨਕ ਟੀਮ ਨੇ ਲਾਭਪਾਤਰੀਆਂ ਨੂੰ ਉਤਪਾਦਕਤਾ ਨੂੰ ਵਧਾਉਣ ਲਈ ਵਿਗਿਆਨਕ ਸੁਝਾਵਾਂ ਨਾਲ ਸੰਵੇਦਨਸ਼ੀਲ ਬਣਾਇਆ ਅਤੇ ਕਿਸਾਨਾਂ ਦੇ ਸਵਾਲਾਂ ਦੇ ਢੁਕਵੇਂ ਹੱਲ ਦੱਸੇ। ਜਥੇਬੰਦੀ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਉਪ ਪ੍ਰਧਾਨ ਜਸਵੀਰ ਸਿੰਘ ਔਜਲਾ ਨੇ ਆਪਣੇ ਅਨੁਭਵਾਂ ਨਾਲ ਇਕੱਠ ਨੂੰ ਸੰਬੋਧਨ ਕੀਤਾ। ਮੱਛੀ ਪਾਲਣ ਵਿਭਾਗ, ਪੰਜਾਬ ਤੋਂ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਅਤੇ ਉਨ੍ਹਾਂ ਦੀ ਟੀਮ ਨੇ ਮੱਛੀ ਪਾਲਣ ਲਈ ਸ਼ੁਰੂਆਤੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਯੋਜਨਾਵਾਂ ਤੋਂ ਪ੍ਰਤੀਭਾਗੀਆ ਨੂੰ ਜਾਣੂ ਕਰਵਾਇਆ। ਨੌਜਵਾਨ ਮੱਛੀ ਪਾਲਣ ਪੇਸ਼ੇਵਰਾਂ ਨੇ ਪ੍ਰਗਤੀਸ਼ੀਲ ਮੱਛੀ ਪਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਸਲ ਤਜਰਬਿਆਂ ਤੋਂ ਵਿਹਾਰਕ ਸੁਝਾਅ ਪ੍ਰਾਪਤ ਕੀਤੇ। ਇਸ ਸੈਸ਼ਨ ਤੋਂ ਬਾਅਦ ਇਸ ਯੋਜਨਾ ਦੇ ਬਹੁ-ਪੱਖੀ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਯੋਜਨਾ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਮਰੱਥਾ ਨਿਰਮਾਣ, ਸਮਾਜਿਕ-ਆਰਥਿਕ ਲਾਭ ਅਤੇ ਜੋਖਮ ਤੋਂ ਬਚਾਉਣ ਵਾਲੇ ਬੀਮਾ ਪਹਿਲੂ ਸ਼ਾਮਲ ਸਨ। ਇਸ ਤੋਂ ਬਾਅਦ, ਰਾਸ਼ਟਰੀ ਤਸਦੀਕ ਅਤੇ ਨਿਗਰਾਨੀ ਸਲਾਹਕਾਰ ਦੁਆਰਾ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ 'ਤੇ ਮੱਛੀ ਪਾਲਣ ਹਿੱਤਧਾਰਕਾਂ ਦੀ ਆਨ-ਫਾਰਮ ਰਜਿਸਟ੍ਰੇਸ਼ਨ ਕਰਨ ਦੀ ਸਹੂਲਤ ਦਿੱਤੀ ਗਈ। ਇਸ ਲਈ ਡਾ. ਵਨੀਤ ਇੰਦਰ ਕੌਰ ਪੰਜਾਬ ਲਈ ਸਟੇਟ ਪਾਰਟਨਰ ਨੋਡਲ ਅਫਸਰ ਹਨ। ਇਹ ਪ੍ਰੋਗਰਾਮ ਵਿਦਿਅਕ -ਕਿਸਾਨ-ਉਦਯੋਗ ਅੰਤਰ- ਸੰਬੰਧ ਨਾਲ ਸਮਾਪਤ ਹੋਇਆ। ਅਨਾਯਾ ਫੀਡ ਇਨੋਵੇਸ਼ਨਜ਼ ਪ੍ਰਾ. ਲਿਮ. ਦੇ ਡਾਇਰੈਕਟਰ ਮਾਲਵਿੰਦਰ ਸਿੰਘ ਨੇ ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦੀਆਂ ਖੁਰਾਕਾਂ, ਫੀਡ ਪਰਿਵਰਤਨ ਅਨੁਪਾਤ ਅਤੇ ਟਿਕਾਊ ਜਲਜੀਵ -ਪਾਲਣ ਉਤਪਾਦਨ ਵਿੱਚ ਇਸਦੀ ਭੂਮਿਕਾ ਬਾਰੇ ਹਿੱਤਧਾਰਕਾਂ ਨੂੰ ਜਾਣੂ ਕਰਵਾਇਆ।