ਖ਼ਾਲਸਾ ਕਾਲਜ ’ਚ ਤੀਆਂ ਦਾ ਮਨਾਇਆ ਤਿਉਹਾਰ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Publish Date: Wed, 26 Aug 2026 10:42 PM (IST)
Updated Date: Thu, 27 Aug 2026 04:07 AM (IST)
ਫੋਟੋ ਨੰਬਰ-24 ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਵਿਖੇ ਤੀਆਂ ਦੇ ਤਿਉਹਾਰ ਮੌਕੇ ਕਾਲਜ ਕੈਂਪਸ ਨੇ ਇੱਕ ਰੌਣਕ ਭਰੇ ਪੰਜਾਬੀ ਪਿੰਡ ਦਾ ਰੂਪ ਧਾਰ ਲਿਆ। ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਰੰਗ-ਬਿਰੰਗੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਤ੍ਰਿਝਣਾ ਦੀ ਯਾਦ ਦਿਵਾ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਦਮਨਪ੍ਰੀਤ ਕੌਰ (ਮਿਸਿਜ਼ ਇੰਡੀਆ ਫੈਸ਼ਨ ਆਈਕਨ) ਸਨ। ਉਨ੍ਹਾਂ ਨੇ ਕਾਲਜ ਵੱਲੋਂ ਲਾਈ ਗਈ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਤ ਵਸਤਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਫੁੱਲਾਂ ਨਾਲ ਸਜੀਆਂ ਪੀਂਘਾਂ ’ਤੇ ਤੀਜ ਦੇ ਗੀਤਾਂ ਦੀਆਂ ਧੁਨਾਂ ਨਾਲ ਝੂਟੇ ਲੈਂਦੀਆਂ ਖੁਸ਼ਮਿਜ਼ਾਜ਼ ਤੇ ਉਤਸ਼ਾਹੀ ਵਿਦਿਆਰਥਣਾਂ ਨੇ ਕੈਂਪਸ ਨੂੰ ਹਾਸੇ-ਖੁਸ਼ੀ ਨਾਲ ਭਰ ਦਿੱਤਾ। ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਲਗਾਏ ਗਏ ਖਾਣ-ਪੀਣ ਦੇ ਸਟਾਲਾਂ ’ਤੇ ਪੁਰੀ, ਚਾਟ, ਚੁਸਕੀ ਤੇ ਹੋਰ ਸਟ੍ਰੀਟ ਫੂਡ ਦਾ ਆਨੰਦ ਮਾਣਿਆ। ਇਸ ਸ਼ਾਨਦਾਰ ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਵੱਖ-ਵੱਖ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵਿੱਚ ਮਨੋਰੰਜਕ ਖੇਡਾਂ, ਮਹਿੰਦੀ, ਚੂੜੀਆਂ ਤੇ ਕਾਸਮੈਟਿਕਸ ਦੇ ਸਟਾਲ ਸ਼ਾਮਲ ਸਨ। ਇਸ ਤੋਂ ਇਲਾਵਾ “ਤੀਆਂ ਦੀ ਰਾਣੀ” ਮੁਕਾਬਲੇ ਲਈ ਸੁੰਦਰ ਪੰਜਾਬੀ ਮੁਟਿਆਰਾਂ ਨੇ ਆਪਣੇ ਜੋਸ਼, ਅੰਦਾਜ਼ ਅਤੇ ਖੇਡ-ਭਾਵਨਾ ਨਾਲ ਭਾਗ ਲਿਆ। ਮੁਕਾਬਲੇ ਦੀਆਂ ਜੱਜ ਮਨਪ੍ਰੀਤ ਸਰਨਾ, ਰਾਜਵਿੰਦਰ ਕੌਰ ਅਤੇ ਸੀਮਾ ਦੇਵੀ ਸਨ। ਜਸਮੀਤ ਕੌਰ ਨੇ “ਤੀਆਂ ਦੀ ਰਾਣੀ” ਦਾ ਖ਼ਿਤਾਬ ਜਿੱਤਿਆ। ਮੁੱਖ ਮਹਿਮਾਨ ਦਮਨਪ੍ਰੀਤ ਕੌਰ ਨੇ ਆਪਣੇ ਸੰਬੋਧਨ ’ਚ ਇਸ ਤਿਉਹਾਰ ਨਾਲ ਜੁੜੀਆਂ ਭਾਵਨਾਤਮਕ ਕਦਰਾਂ-ਕੀਮਤਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ‘ਤੀਜ ਸਮਾਗਮ’ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਾਲਜ ਨੂੰ ਇਸ ਤਿਉਹਾਰ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਇਸ ਨੂੰ ਸੰਭਾਲ ਕੇ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ਦਾ ਇੱਕ ਉਪਰਾਲਾ ਹੈ।