
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘਰ ਦੇ ਬਾਹਰ ਖੜ੍ਹੀ ਨਵੀਂ ਸਕਾਰਪੀਓ-ਐੱਨ ਮਾਸਟਰ ਕੀ ਨਾਲ ਚੋਰੀ

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਨਿਊ ਮਾਡਲ ਟਾਊਨ ’ਚ ਸ਼ਾਤਰ ਚੋਰਾਂ ਨੇ ਘਰ ਦੇ ਬਿਲਕੁਲ ਬਾਹਰ ਖੜ੍ਹੀ ਨਵੀਂ ਨਕੋਰ ਸਕਾਰਪੀਓ-ਐੱਨ ਗੱਡੀ ਨੂੰ ਨਿਸ਼ਾਨਾ ਬਣਾਇਆ। ਚੋਰ ਗਿਰੋਹ ਨੇ ਕੁਝ ਹੀ ਸਮੇਂ ਵਿੱਚ ਕਾਰ ਖੋਲੀ ਅਤੇ ਰਫੂ ਚੱਕਰ ਹੋ ਗਿਆ। ਫਾਦਰ ਡੇ ’ਤੇ ਖਰੀਦੀ ਗਈ ਇਸ ਗੱਡੀ ਦਾ ਅਜੇ ਤੱਕ ਸਥਾਈ ਰਜਿਸਟ੍ਰੇਸ਼ਨ ਨੰਬਰ ਵੀ ਨਹੀਂ ਆਇਆ ਸੀ ਅਤੇ ਉਸ ’ਤੇ ਆਰਜ਼ੀ ਨੰਬਰ ਲੱਗਾ ਹੋਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਵੱਲੋਂ ਇਲਾਕੇ ਦੀ ਰੈਕੀ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 31 ਸਾਲਾ ਮਿਅੰਕ ਟੱਕਰ, ਵਾਸੀ ਨਿਊ ਮਾਡਲ ਟਾਊਨ ਲੁਧਿਆਣਾ, ਨੇ ਦੱਸਿਆ ਕਿ ਬੀਤੇ ਦਿਨ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਉਸ ਦੇ ਘਰ ਦੇ ਸਾਹਮਣੇ ਬਣੀ ਪਾਰਕ ਦੇ ਨੇੜਿਓਂ ਉਸ ਦੀ ਸਕਾਰਪੀਓ-ਐੱਨ ਚੋਰੀ ਕਰਕੇ ਲੈ ਗਿਆ। ਗੱਡੀ ਨਵੀਂ ਖਰੀਦੀ ਹੋਈ ਸੀ ਅਤੇ ਇਸ ’ਤੇ ਆਰਜ਼ੀ ਨੰਬਰ ਲੱਗਾ ਹੋਇਆ ਸੀ।
ਜਾਣਕਾਰੀ ਅਨੁਸਾਰ ਤੜਕੇ ਕੁਝ ਵਿਅਕਤੀ ਇੱਕ ਗੱਡੀ ਵਿੱਚ ਸਵਾਰ ਹੋ ਕੇ ਇਲਾਕੇ ਵਿੱਚ ਪਹੁੰਚੇ। ਕੁਝ ਸਮਾਂ ਇਲਾਕੇ ਦੀ ਰੈਕੀ ਕਰਨ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਬਾਹਰ ਖੜ੍ਹੀ ਨਵੀਂ ਸਕਾਰਪੀਓ-ਐੱਨ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਇੱਕ ਵਿਅਕਤੀ ਗੱਡੀ ਵਿੱਚੋਂ ਉਤਰਿਆ ਅਤੇ ਮਾਸਟਰ ਕੀ ਦੀ ਮਦਦ ਨਾਲ ਸਕਾਰਪੀਓ-ਐੱਨ ਦਾ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਸਟਾਰਟ ਕਰ ਲਿਆ। ਕੁਝ ਹੀ ਸਮੇਂ ਵਿੱਚ ਚੋਰ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਮਿਅੰਕ ਗੁੜਗਾਓਂ ਸਥਿਤ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਨੌਰਥ ਦਾ ਮੁਖੀ ਹੈ। ਦੱਸਿਆ ਗਿਆ ਹੈ ਕਿ ਉਸ ਨੇ ਫਾਦਰਜ਼ ਡੇ ਮੌਕੇ ਆਪਣੇ ਪਿਤਾ ਲਈ ਇਹ ਨਵੀਂ ਗੱਡੀ ਖਰੀਦੀ ਸੀ। ਗੱਡੀ ਦੇ ਚੋਰੀ ਹੋਣ ਨਾਲ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਥਾਣਾ ਦੁੱਗਰੀ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕਰਕੇ ਚੋਰੀ ਕੀਤੀ ਗੱਡੀ ਨੂੰ ਬਰਾਮਦ ਕੀਤਾ ਜਾ ਸਕੇ।