
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਦੀ ਰੌਣਕ ਨੇ ਬਾਜ਼ਾਰਾਂ ਨੂੰ ਚੜ੍ਹਾਇਆ ਰੰਗ

-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀਆਂ ਮਿੱਠੀਆਂ ਯਾਦਾਂ ਤਾਜ਼ਾ
ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਇਲਾਕੇ ਦੇ ਬਾਜ਼ਾਰਾਂ ਵਿੱਚ ਰੌਣਕ ਵਧ ਗਈ ਹੈ। ਦੁਕਾਨਾਂ ’ਤੇ ਰੰਗ-ਬਰੰਗੀਆਂ ਤੇ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਰੱਖੜੀਆਂ ਸਜੀਆਂ ਹੋਈਆਂ ਹਨ, ਜਦਕਿ ਭੈਣਾਂ ਆਪਣੇ ਵੀਰਾਂ ਦੀ ਪਸੰਦ ਮੁਤਾਬਕ ਰੱਖੜੀਆਂ ਖਰੀਦਣ ਲਈ ਬਾਜ਼ਾਰਾਂ ਵਿਚ ਪਹੁੰਚ ਰਹੀਆਂ ਹਨ। ਮਠਿਆਈਆਂ ਅਤੇ ਤੋਹਫ਼ਿਆਂ ਦੀ ਖ਼ਰੀਦਦਾਰੀ ਵੀ ਜ਼ੋਰਾਂ ’ਤੇ ਹੈ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰੱਖੜੀ ਸਿਰਫ਼ ਕਲਾਈ ’ਤੇ ਬੱਝਣ ਵਾਲਾ ਇਕ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਿੱਚ ਪਿਆਰ, ਵਿਸ਼ਵਾਸ, ਸਨੇਹ ਅਤੇ ਪਰਿਵਾਰਕ ਸਾਂਝ ਦੀ ਮਜ਼ਬੂਤ ਡੋਰ ਦਾ ਪ੍ਰਤੀਕ ਹੈ। ਇਸ ਦਿਨ ਭੈਣ ਵੱਲੋਂ ਵੀਰ ਦੀ ਕਲਾਈ ’ਤੇ ਬੰਨ੍ਹੀ ਰੱਖੜੀ ਵਿੱਚ ਉਸ ਦੀਆਂ ਦੁਆਵਾਂ ਤੇ ਵੀਰ ਦੀ ਖੁਸ਼ਹਾਲੀ ਦੀ ਕਾਮਨਾ ਸਮਾਈ ਹੁੰਦੀ ਹੈ।
-ਬਾਕਸ-
ਰੱਖੜੀ ਦਾ ਤਿਉਹਾਰ ਸਾਡੇ ਪਰਿਵਾਰਕ ਤੇ ਸੱਭਿਆਚਾਰਕ ਜੀਵਨ ’ਚ ਵਿਸ਼ੇਸ਼ ਮਹੱਤਵ ਰੱਖਦੈ : ਗਰੇਵਾਲ
‘ਆਪ’ ਦੀ ਨੈਸ਼ਨਲ ਮੈਂਬਰ ਤੇ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਗਰੇਵਾਲ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਸਾਡੇ ਪਰਿਵਾਰਕ ਤੇ ਸੱਭਿਆਚਾਰਕ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਨੂੰ ਹੋਰ ਗੂੜ੍ਹਾ ਕਰਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਰੱਖੜੀ ਦਾ ਅਸਲ ਅਰਥ ਸਿਰਫ਼ ਰਸਮ ਨਿਭਾਉਣਾ ਜਾਂ ਤੋਹਫ਼ੇ ਦੇਣਾ ਨਹੀਂ, ਸਗੋਂ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹਨਾ ਹੈ। ਉਨ੍ਹਾਂ ਭੈਣ-ਭਰਾਵਾਂ ਨੂੰ ਇੱਕ-ਦੂਜੇ ਦੀਆਂ ਭਾਵਨਾਵਾਂ, ਸੁਪਨਿਆਂ ਤੇ ਸਤਿਕਾਰ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ।
-ਬਾਕਸ-
ਰੱਖੜੀ ਭੈਣਾਂ ਦੇ ਚਾਵਾਂ ਤੇ ਭਰਾਵਾਂ ਪ੍ਰਤੀ ਉਨ੍ਹਾਂ ਦੇ ਅਟੁੱਟ ਪਿਆਰ ਦਾ ਤਿਉਹਾਰ-ਰੁਪਿੰਦਰ ਕੌਰ
ਸਮਾਜ ਸੇਵੀ ਰੁਪਿੰਦਰ ਕੌਰ ਨੇ ਕਿਹਾ ਕਿ ਰੱਖੜੀ ਭੈਣਾਂ ਦੇ ਚਾਵਾਂ ਤੇ ਭਰਾਵਾਂ ਪ੍ਰਤੀ ਉਨ੍ਹਾਂ ਦੇ ਅਟੁੱਟ ਪਿਆਰ ਦਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਭੈਣ-ਭਰਾ ਦੇ ਰਿਸ਼ਤੇ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਹੈ। ਕਈ ਭੈਣਾਂ ਡਾਕ ਜਾਂ ਕੂਰੀਅਰ ਰਾਹੀਂ ਆਪਣੇ ਵੀਰਾਂ ਨੂੰ ਰੱਖੜੀ ਭੇਜਦੀਆਂ ਹਨ, ਜਦਕਿ ਦੂਰ ਬੈਠੇ ਭੈਣ-ਭਰਾ ਦੂਰਸੰਚਾਰ ਦੇ ਸਾਧਨਾਂ ਰਾਹੀਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਹਜ਼ਾਰਾਂ ਮੀਲ ਦੀ ਦੂਰੀ ਵੀ ਇਸ ਪਵਿੱਤਰ ਰਿਸ਼ਤੇ ਦੀਆਂ ਭਾਵਨਾਵਾਂ ਨੂੰ ਘੱਟ ਨਹੀਂ ਕਰ ਸਕਦੀ। ਅੱਜ ਰੱਖੜੀ ਦਾ ਸੁਨੇਹਾ ਸਿਰਫ਼ ਭਰਾ ਵੱਲੋਂ ਭੈਣ ਦੀ ਰੱਖਿਆ ਤਕ ਸੀਮਤ ਨਹੀਂ ਰਿਹਾ। ਇਕ-ਦੂਜੇ ਦੀ ਇੱਜ਼ਤ ਕਰਨਾ, ਭਾਵਨਾਵਾਂ ਨੂੰ ਸਮਝਣਾ, ਸੁਪਨਿਆਂ ਦੀ ਕਦਰ ਕਰਨਾ ਤੇ ਔਖੇ ਸਮੇਂ ’ਚ ਸਹਾਰਾ ਬਣਨਾ ਵੀ ਇਸ ਰਿਸ਼ਤੇ ਦੀ ਅਸਲ ਜ਼ਿੰਮੇਵਾਰੀ ਹੈ।